ਪੁਣੇ, 10 ਅਗਸਤ
ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਮੁਖੀ ਸ਼ਰਦ ਪਵਾਰ ਨੇ ਅੱਜ ਭਾਰਤੀ ਜਨਤਾ ਪਾਰਟੀ ’ਤੇ ਆਪਣੇ ਖੇਤਰੀ ਭਾਈਵਾਲਾਂ ਨੂੰ ਹੌਲੀ-ਹੌਲੀ ਖਤਮ ਕਰਨ ਦਾ ਦੋਸ਼ ਲਾਇਆ ਅਤੇ ਭਾਜਪਾ ਨਾਲੋਂ ਤੋੜ ਵਿਛੋੜਾ ਕਰਨ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਫ਼ੈਸਲੇ ਦੀ ਹਮਾਇਤ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਵਾਰ ਨੇ ਦਾਅਵਾ ਕੀਤਾ ਕਿ ਭਾਜਪਾ ਇਹ ਯੋਜਨਾ ਬਣਾ ਰਹੀ ਸੀ ਕਿ ਸ਼ਿਵ ਸੈਨਾ ਨੂੰ ਕਮਜ਼ੋਰ ਕਿਵੇਂ ਕੀਤਾ ਜਾਵੇ ਤੇ ਉਸ ’ਚ ਫੁੱਟ ਕਿਵੇਂ ਪਾਈ ਜਾਵੇ। ਪਵਾਰ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੇ ਧੜੇ ਦੀ ਆਲੋਚਨਾ ਕੀਤੀ। ਪਵਾਰ ਨੇ ਕਿਹਾ, ‘ਭਾਜਪਾ ਦੇ ਕੌਮੀ ਪ੍ਰਧਾਨ ਨੇ ਦਾਅਵਾ ਕੀਤਾ ਸੀ ਕਿ ਖੇਤਰੀ ਪਾਰਟੀਆਂ ਦਾ ਕੋਈ ਭਵਿੱਖ ਨਹੀਂ ਹੈ ਅਤੇ ਉਨ੍ਹਾਂ ਦੀ ਹੋਂਦ ਨਹੀਂ ਰਹੇਗੀ। ਦੇਸ਼ ਵਿੱਚ ਸਿਰਫ਼ ਭਾਜਪਾ ਰਹੇਗੀ।’ ਇੱਕ ਮਿਸਾਲ ਦਿੰਦਿਆਂ ਪਵਾਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਰਗੀ ਪਾਰਟੀ ਭਾਜਪਾ ਦੇ ਨਾਲ ਸੀ। ਉਨ੍ਹਾਂ ਕਿਹਾ, ‘ਉਸ ਦੇ ਨੇਤਾ ਪ੍ਰਕਾਸ਼ ਸਿੰਘ ਬਾਦਲ ਭਾਜਪਾ ਦੇ ਨਾਲ ਸਨ ਪਰ ਅੱਜ ਇਹ ਪਾਰਟੀ ਪੰਜਾਬ ’ਚ ਤਕਰੀਬਨ ਖਤਮ ਹੋ ਗਈ ਹੈ।’ -ਪੀਟੀਆਈ
ਭਾਜਪਾ ਆਪਣੇ ਭਾਈਵਾਲਾਂ ਦਾ ਖਿਆਲ ਰੱਖਦੀ ਹੈ: ਫੜਨਵੀਸ
ਮੁੰਬਈ: ਮਹਾਰਾਸ਼ਟਰ ਦੇ ਉੱਪ ਮੁੱਖ ਮੰਤਰੀ ਤੇ ਭਾਜਪਾ ਦੇ ਸੀਨੀਅਰ ਆਗੂ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਕੋਈ ਹੋਰ ਅਜਿਹੀ ਗੱਲ ਹੈ ਜੋ ਐਨਸੀਪੀ ਮੁਖੀ ਨੂੰ ਜ਼ਿਆਦਾ ਦੁਖੀ ਕਰ ਰਹੀ ਹੈ। ਫੜਨਵੀਸ ਨੇ ਕਿਹਾ ਕਿ ਪਿਛਲੀਆਂ ਬਿਹਾਰ ਵਿਧਾਨ ਸਭਾ ਚੋਣਾਂ ’ਚ ਭਾਜਪਾ ਨੇ ਜਨਤਾ ਦਲ ਯੂ ਤੋਂ ਵੱਧ ਸੀਟਾਂ ਜਿੱਤੀਆਂ ਪਰ ਫਿਰ ਵੀ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਬਣਾਇਆ ਗਿਆ। ਇਹ ਭਾਜਪਾ ਹੀ ਹੈ ਜੋ ਆਪਣੇ ਭਾਈਵਾਲਾਂ ਦਾ ਧਿਆਨ ਰੱਖਦੀ ਹੈ। ਉਨ੍ਹਾਂ ਕਿਹਾ ਕਿ ਬਿਹਾਰ ’ਚ ਜੇ ਅੱਜ ਉਹ ਸੱਤਾ ’ਚ ਨਹੀਂ ਹਨ ਤਾਂ ਭਲਕੇ ਲਾਜ਼ਮੀ ਤੌਰ ’ਤੇ ਉਹ ਸੱਤਾ ’ਚ ਹੋਣਗੇ। -ਪੀਟੀਆਈ