ਨਵੀਂ ਦਿੱਲੀ, 1 ਜੁਲਾਈ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਜੀਐੱਸਟੀ ਲਾਗੂ ਕੀਤੇ ਜਾਣ ਦੇ ਪੰਜ ਵਰ੍ਹੇ ਪੂਰੇ ਹੋਣ ’ਤੇ ਸ਼ੁੱਕਰਵਾਰ ਨੂੰ ਦੋਸ਼ ਲਾਇਆ ਕਿ ਪਾਰਟੀ ਦੀ ‘ਅਸਲ ਸਰਲ ਟੈਕਸ ਪ੍ਰਣਾਲੀ’ ਨੂੰ ਭਾਜਪਾ ਨੇ ‘ਗੱਬਰ ਸਿੰਘ ਟੈਕਸ’ ’ਚ ਬਦਲ ਦਿੱਤਾ ਹੈ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਕਾਂਗਰਸ ‘ਜੀਐੱਸਟੀ 2.0’ ਲਿਆਵੇਗੀ ਅਤੇ ਇਸ ਤੋਂ ਹੋਣ ਵਾਲੀ ਉਗਰਾਹੀ ਨੂੰ ਸੂਬਿਆਂ ਨੂੰ ਢੁੱਕਵੇਂ ਢੰਗ ਨਾਲ ਵੰਡਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜੀਐੱਸਟੀ ਦੀਆਂ ਛੇ ਦਰਾਂ ਰਖੀਆਂ ਗਈਆਂ ਹਨ ਅਤੇ 1826 ਦਿਨਾਂ ’ਚ ਇਸ ’ਚ ਇਕ ਹਜ਼ਾਰ ਤੋਂ ਜ਼ਿਆਦਾ ਸੋਧਾਂ ਕੀਤੀਆਂ ਗਈਆਂ ਹਨ ਤੇ ਇਹ ਸਰਲ ਕਿਵੇਂ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਜੀਐੱਸਟੀ ਕਾਰੋਬਾਰ ਖਾਸ ਕਰਕੇ ਐੱਮਐੱਸਐੱਮਈ ਲਈ ਬੁਰੇ ਸੁਫਨੇ ਵਾਂਗ ਹੈ। ਉਨ੍ਹਾਂ ਹੈਸ਼ਟੈਗ 5 ਯੀਅਰਜ਼ਆਫ਼ਜੀਐੱਸਟੀਮੈੱਸ ਦੀ ਵਰਤੋਂ ਕਰਦਿਆਂ ਕਿਹਾ ਕਿ ਕਾਂਗਰਸ ਜੀਐੱਸਟੀ-2.0 ਰਾਹੀਂ ਕਾਰੋਬਾਰ ਅਤੇ ਰੁਜ਼ਗਾਰ ਨੂੰ ਲੀਹ ’ਤੇ ਲਿਆਵੇਗੀ। ਉਧਰ ਕਾਂਗਰਸ ਦੇ ਸੀਨੀਅਰ ਆਗੂ ਪੀ ਚਿਦੰਬਰਮ ਨੇ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਜੀਐੱਸਟੀ ਦਾ ਭਾਵੇਂ ਅੱਜ ਪੰਜਵਾਂ ਜਨਮਦਿਨ ਹੋਵੇ ਪਰ ਇਸ ’ਚ ਜਸ਼ਨ ਮਨਾਉਣ ਜਿਹਾ ਕੁਝ ਵੀ ਨਹੀਂ ਹੈ। ਸਾਬਕਾ ਵਿੱਤ ਮੰਤਰੀ ਨੇ ਕਿਹਾ,‘‘ਜੀਐੱਸਟੀ ਦੇ ਜਨਮ ਤੋਂ ਹੀ ਕਈ ਗੰਭੀਰ ਨੁਕਸ ਹਨ। ਪਿਛਲੇ ਪੰਜ ਸਾਲਾਂ ਦੌਰਾਨ ਇਹ ਨੁਕਸ ਹੋਰ ਗੰਭੀਰ ਹੋ ਗਏ ਹਨ ਅਤੇ ਜੀਐੱਸਟੀ ਕਾਰਨ ਲੋਕ ਬੁਰੀ ਤਰ੍ਹਾਂ ਝੰਬੇ ਗਏ ਹਨ।’’ ਉਨ੍ਹਾਂ ਕਿਹਾ ਕਿ ਕਾਂਗਰਸ ਦੀ ਅਗਵਾਈ ਹੇਠਲੀ ਯੂਪੀਏ ਸਰਕਾਰ ਨੇ ਜਿਸ ਜੀਐੱਸਟੀ ਦਾ ਖਾਕਾ ਤਿਆਰ ਕੀਤਾ ਸੀ, ਉਹ ਅੱਜ ਵਾਲਾ ਜੀਐੱਸਟੀ ਨਹੀਂ ਸੀ। ‘ਅੱਜ ਵਾਲਾ ਜੀਐੱਸਟੀ ਕਈ ਤਰ੍ਹਾਂ ਦੀਆਂ ਗੁੰਝਲਾਂ ਵਾਲਾ ਹੈ। ਸਾਰੇ ਰਜਿਸਟਰਡ ਡੀਲਰਾਂ ਨੂੰ ਟੈਕਸ ਅਦਾਇਗੀ ਦੀ ਪੂਰੀ ਜਾਣਕਾਰੀ ਨਹੀਂ ਹੈ ਜਿਸ ਦੇ ਨਤੀਜੇ ਵਜੋਂ ਉਹ ਟੈਕਸ ਕੁਲੈਕਟਰਾਂ ਦੇ ਆਸਰੇ ਹਨ।’
ਚਿਦੰਬਰਮ ਨੇ ਕਿਹਾ ਕਿ ਨੁਕਸਦਾਰ ਜੀਐੱਸਟੀ ਕਾਰਨ ਐੱਮਐੱਸਐੱਮਈਜ਼ ਦੀ ਵੱਡੇ ਪੱਧਰ ’ਤੇ ਤਬਾਹੀ ਹੋਈ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਗੰਭੀਰ ਸਿੱਟਾ ਇਹ ਨਿਕਲਿਆ ਕਿ ਕੇਂਦਰ ਅਤੇ ਸੂਬਿਆਂ ਵਿਚਕਾਰ ਪੂਰੀ ਤਰ੍ਹਾਂ ਨਾਲ ਭਰੋਸਾ ਟੁੱਟ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਬਣਨ ’ਤੇ ਮੌਜੂਦਾ ਜੀਐੱਸਟੀ ਦੀ ਬਜਾਏ ਨਵਾਂ ਜੀਐੱਸਟੀ ਲਿਆਂਦਾ ਜਾਵੇਗਾ ਜੋ ਇਕਹਿਰਾ ਅਤੇ ਘੱਟ ਦਰ ਵਾਲਾ ਹੋਵੇਗਾ। -ਪੀਟੀਆਈ
ਕਾਰੋਬਾਰ ਕਰਨਾ ਸੁਖਾਲਾ ਹੋਇਆ: ਮੋਦੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀਐੱਸਟੀ ਦੇ ਪੰਜ ਸਾਲ ਪੂਰੇ ਹੋਣ ਮੌਕੇ ਇਸ ਨੂੰ ਇਕ ਵੱਡਾ ਸੁਧਾਰ ਦੱਸਦਿਆਂ ਕਿਹਾ ਕਿ ਇਸ ਨੇ ਕਾਰੋਬਾਰ ਸੁਖਾਲੇ ਢੰਗ ਨਾਲ ਕਰਨ ’ਚ ਯੋਗਦਾਨ ਪਾਉਣ ਦੇ ਨਾਲ ਨਾਲ ’ਇਕ ਰਾਸ਼ਟਰ, ਇਕ ਟੈਕਸ’ ਦੇ ਨਜ਼ਰੀਏ ਨੂੰ ਵੀ ਪੂਰਾ ਕੀਤਾ। ਪ੍ਰਧਾਨ ਮੰਤਰੀ ਨੇ ਟਵੀਟ ਰਾਹੀਂ ਜੀਐੱਸਟੀ ਪ੍ਰਣਾਲੀ ਲਾਗੂ ਹੋਣ ਦੇ ਪੰਜ ਸਾਲ ਪੂਰੇ ਹੋਣ ਦਾ ਜ਼ਿਕਰ ਵੀ ਕੀਤਾ। ਜੀਐੱਸਟੀ ਦੇਸ਼ ’ਚ ਪਹਿਲੀ ਜੁਲਾਈ, 2017 ’ਚ ਲਾਗੂ ਕੀਤਾ ਗਿਆ ਸੀ। -ਪੀਟੀਆਈ