ਮੁੰਬਈ: ਭਾਜਪਾ ਨੇ ਅੰਧੇਰੀ (ਪੂਰਬੀ) ਅਸੈਂਬਲੀ ਹਲਕੇ ਦੀ ਜ਼ਿਮਨੀ ਚੋਣ ਵਿੱਚ ਉਮੀਦਵਾਰ ਨਾ ਉਤਾਰਨ ਦਾ ਫੈਸਲਾ ਕੀਤਾ ਹੈ। ਭਾਜਪਾ ਨੇੇ ਉਪ ਚੋਣ ਲਈ ਨਾਮਜ਼ਦਗੀਆਂ ਵਾਪਸ ਲੈਣ ਦੀ ਸਮਾਂ ਹੱਦ ਖਤਮ ਹੋਣ ਤੋਂ ਕੁਝ ਘੰਟੇ ਪਹਿਲਾਂ ਹੀ ਅੱਜ ਆਪਣੇ ਉਮੀਦਵਾਰ ਨੂੰ ਮੈਦਾਨ ਵਿੱਚੋਂ ਹਟਾ ਲਿਆ। ਮਹਾਰਾਸ਼ਟਰ ਭਾਜਪਾ ਦੇ ਪ੍ਰਧਾਨ ਚੰਦਰਸ਼ੇਖਰ ਬਾਵਨਕੁਲੇ ਨੇ ਨਾਗਪੁਰ ਵਿੱਚ ਕਿਹਾ ਸੀ ਕਿ ਭਾਜਪਾ ਨੇ ਅੰਧੇਰੀ ਪੂਰਬੀ ਜ਼ਿਮਨੀ ਚੋਣ ਨਾ ਲੜਨ ਦਾ ਫੈਸਲਾ ਕੀਤਾ ਹੈ। ਉਂਜ ਬਾਵਨਕੁਲੇ ਨੇ ਦਾਅਵਾ ਕੀਤਾ ਕਿ ਉਹ ਚੋਣ ਲੜਦੇ ਤਾਂ ਜਿੱਤ ਜਾਂਦੇ। ਇਸ ਮਗਰੋਂ ਭਾਜਪਾ ਉਮੀਦਵਾਰ ਮੁਰਜੀ ਪਟੇਲ ਨੇ ਅੱਜ ਸ਼ਾਮ ਆਪਣੇ ਨਾਮਜ਼ਦਗੀ ਕਾਗਜ਼ ਵਾਪਸ ਲੈ ਲਏ। ਪਟੇਲ ਨੇ ਕਿਹਾ, ‘ਮੈਂ ਪਾਰਟੀ ਦੇ ਹੁਕਮ ਦੀ ਪਾਲਣਾ ਕਰਾਂਗਾਂ ਅਤੇ ਆਜ਼ਾਦ ਉਮੀਦਵਾਰ ਵਜੋਂ ਚੋਣ ਨਹੀਂ ਲੜਾਂਗਾ।’’ ਤਿੰਨ ਨਵੰਬਰ ਨੂੰ ਹੋਣ ਵਾਲੀ ਜ਼ਿਮਨੀ ਚੋਣ ਲਈ ਨਾਮਜ਼ਦਗੀਆਂ ਵਾਪਸ ਲੈਣ ਦਾ ਅੱਜ ਆਖਰੀ ਦਿਨ ਸੀ। ਸ਼ਿਵ ਸੈਨਾ ਵਿਧਾਇਕ ਰਮੇਸ਼ ਲਟਕੇ ਦਾ ਇਸ ਸਾਲ ਮਈ ਵਿੱਚ ਦੇਹਾਂਤ ਹੋਣ ਕਾਰਨ ਅੰਧੇਰੀ ਪੂਰਬੀ ਸੀਟ ਤੋਂ ਜ਼ਿਮਨੀ ਚੋਣ ਕਰਵਾਉਣ ਦੀ ਲੋੜ ਪਈ ਹੈ। ਊਧਵ ਠਾਕਰੇ ਦੀ ਅਗਵਾਈ ਵਾਲੇ ਸ਼ਿਵ ਸੈਨਾ ਧੜੇ ਨੇ ਰਮੇਸ਼ ਲਟਕੇ ਦੀ ਪਤਨੀ ਰਿਤੂਜਾ ਲਟਕੇ ਨੂੰ ਮੈਦਾਨ ਵਿੱਚ ਉਤਾਰਿਆ ਹੈ। ਐੱਨਸੀਪੀ ਮੁਖੀ ਸ਼ਰਦ ਪਵਾਰ ਨੇ ਲੰਘੇ ਦਿਨੀਂ ਰਿਤੂਜਾ ਲਟਕੇ ਨੂੰ ਨਿਰਵਿਰੋਧ ਚੁਣੇ ਜਾਣ ਦੀ ਮੰਗ ਕੀਤੀ ਸੀ। ਉਧਰ ਮਹਾਰਾਸ਼ਟਰ ਨਵਨਿਰਮਾਣ ਸੈਨਾ ਦੇ ਪ੍ਰਧਾਨ ਰਾਜ ਠਾਕਰੇ ਨੇ ਵੀ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਅਪੀਲ ਕੀਤੀ ਸੀ ਕਿ ਮਰਹੂਮ ਰਮੇਸ਼ ਲਟਕੇ ਨੂੰ ਸ਼ਰਧਾਂਜਲੀ ਵਜੋਂ ਭਾਜਪਾ ਆਪਣਾ ਉਮੀਦਵਾਰ ਮੈਦਾਨ ਵਿੱਚ ਨਾ ਉਤਾਰੇ। -ਪੀਟੀਆਈ
ਹਾਰ ਤੋਂ ਡਰਦਿਆਂ ਭਾਜਪਾ ਨੇ ਉਮੀਦਵਾਰ ਨਹੀਂ ਉਤਾਰਿਆ: ਰਾਊਤ
ਮੁੰਬਈ: ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੈ ਰਾਊਤ ਨੇ ਅੱਜ ਕਿਹਾ ਕਿ ਭਾਜਪਾ ਨੇ ਅੰਧੇਰੀ (ਪੂਰਬੀ) ਵਿਧਾਨ ਸਭਾ ਉਪ ਚੋਣਾਂ ਵਿੱਚ ਹਾਰ ਤੋਂ ਡਰਦਿਆਂ ਉਮੀਦਵਾਰ ਨਾ ਉਤਾਰਨ ਦਾ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਡਰ ਹੈ ਕਿ ਉਹ ਊਧਵ ਠਾਕਰੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਦੇ ਉਮੀਦਵਾਰ ਤੋਂ ਹਾਰ ਜਾਵੇਗੀ। ਪਾਤਰਾ ਚਾਲ ਪੁਨਰਵਿਕਾਸ ਮਾਮਲੇ ਸਬੰਧੀ ਵਿਸ਼ੇਸ਼ ਅਦਾਲਤ ’ਚ ਪੇਸ਼ ਹੋਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, ‘‘ਭਾਜਪਾ ਨੇ ਇੱਕ ਸਰਵੇਖਣ ਕਰਵਾਇਆ ਸੀ, ਜਿਸ ਦਾ ਨਤੀਜਾ ਆਇਆ ਸੀ ਕਿ ਉਨ੍ਹਾਂ ਦਾ ਉਮੀਦਵਾਰ (ਮੁਰਜੀ ਪਟੇਲ) ਘੱਟੋ-ਘੱਟ 45,000 ਵੋਟਾਂ ਨਾਲ ਜ਼ਿਮਨੀ ਚੋਣ ਹਾਰ ਜਾਵੇਗਾ। ਇਸ ਲਈ ਉਸ ਨੇ ਪਿੱਛੇ ਹਟਣ ਦਾ ਫੈਸਲਾ ਕੀਤਾ ਹੈ।’’ -ਪੀਟੀਆਈ