ਪੁੱਡੂਚੇਰੀ: ਚੋਣਾਂ ਜਿੱਤਣ ਦੇ ਇਕ ਮਹੀਨਾ ਬੀਤ ਜਾਣ ਦੇ ਬਾਵਜੂਦ ਪੁੱਡੂਚੇਰੀ ਦੇ ਮੁੱਖ ਮੰਤਰੀ ਐੱਨ ਰੰਗਾਸਾਮੀ ਨੇ ਅਜੇ ਤੱਕ ਮੰਤਰੀ ਮੰਡਲ ਦਾ ਗਠਨ ਨਹੀਂ ਕੀਤਾ ਹੈ। ਉਨ੍ਹਾਂ ਦੀ ਅਗਵਾਈ ਹੇਠਲੀ ਆਲ ਇੰਡੀਆ ਐੱਨ ਆਰ ਕਾਂਗਰਸ (ਏਆਈਐੱਨਆਰਸੀ) ਨੇ ਅੱਜ ਭਾਈਵਾਲ ਪਾਰਟੀ ਭਾਜਪਾ ’ਤੇ ਦੋਸ਼ ਲਾਇਆ ਹੈ ਕਿ ਉਹ ਉਪ ਮੁੱਖ ਮੰਤਰੀ ਦਾ ਅਹੁਦਾ ਮੰਗ ਰਹੀ ਹੈ ਜਿਸ ਕਾਰਨ ਮੰਤਰੀ ਮੰਡਲ ਦੇ ਗਠਨ ’ਚ ਦੇਰੀ ਹੋ ਰਹੀ ਹੈ। ਉਂਜ ਭਾਜਪਾ ਸੂਤਰਾਂ ਨੇ ਕਿਹਾ ਕਿ ਉਨ੍ਹਾਂ ਦੇ ਆਗੂ ਐਮਬਾਲਮ ਆਰ ਸੇਲਵਮ ਨੂੰ ਸਪੀਕਰ ਬਣਾਏ ਜਾਣ ਕਾਰਨ ਉਪ ਮੁੱਖ ਮੰਤਰੀ ਅਹੁਦੇ ਦੀ ਮੰਗ ਅਜੇ ਅੱਗੇ ਪਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਛੇਤੀ ਹੀ ਪੂਰਾ ਮੰਤਰੀ ਮੰਡਲ ਹੋਵੇਗਾ। ਏਆਈਐੱਨਆਰਸੀ ਦੇ ਸੂਤਰਾਂ ਨੇ ਦੱਸਿਆ ਕਿ ਭਾਜਪਾ ਆਪਣੇ ਵਿਧਾਇਕ ਨੂੰ ਉਪ ਮੁੱਖ ਮੰਤਰੀ ਬਣਾਉਣ ਅਤੇ ਦੋ ਹੋਰ ਆਗੂਆਂ ਨੂੰ ਮੰਤਰੀ ਬਣਾਏ ਜਾਣ ਲਈ ਜ਼ੋਰ ਪਾ ਰਹੀ ਹੈ। ਸੂਤਰਾਂ ਨੇ ਕਿਹਾ ਕਿ ਪੁੱਡੂਚੇਰੀ ’ਚ ਕਦੇ ਵੀ ਉਪ ਮੁੱਖ ਮੰਤਰੀ ਦਾ ਅਹੁਦਾ ਨਹੀਂ ਰਿਹਾ ਹੈ ਅਤੇ ਕੈਬਨਿਟ ਦੇ ਗਠਨ ’ਚ ਦੇਰੀ ਦਾ ਮੁੱਖ ਕਾਰਨ ਇਹ ਮੰਗ ਹੈ। ਸੂਤਰਾਂ ਨੇ ਕਿਹਾ ਕਿ ਭਾਜਪਾ ਦੇ ਏ ਨਮਾਸ਼ਿਵਯਮ ਅਤੇ ਏ ਜੌਹਨ ਕੁਮਾਰ ਨੂੰ ਮੰਤਰੀ ਬਣਾਇਆ ਜਾ ਸਕਦਾ ਹੈ। ਪੁੱਡੂਚੇਰੀ ਕੈਬਨਿਟ ’ਚ ਮੁੱਖ ਮੰਤਰੀ ਸਮੇਤ ਛੇ ਮੰਤਰੀ ਹੀ ਸ਼ਾਮਲ ਹੋ ਸਕਦੇ ਹਨ। ਤੀਹ ਮੈਂਬਰੀ ਵਿਧਾਨ ਸਭਾ ’ਚ ਏਆਈਐੱਨਆਰਸੀ ਦੇ 10 ਅਤੇ ਭਾਜਪਾ ਦੇ ਛੇ ਵਿਧਾਇਕ ਹਨ। ਮੁੱਖ ਵਿਰੋਧੀ ਧਿਰ ਡੀਐੱਮਕੇ ਦੇ ਛੇ, ਕਾਂਗਰਸ ਦੇ ਦੋ ਅਤੇ ਛੇ ਆਜ਼ਾਦ ਵਿਧਾਇਕ ਹਨ। ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਦੇ ਸੀਨੀਅਰ ਆਗੂ ਵੀ ਨਾਰਾਇਣਸਾਮੀ ਨੇ ਕਿਹਾ ਕਿ ਏਆਈਐੱਨਆਰਸੀ ਅਤੇ ਭਾਜਪਾ ਅੰਦਰ ਟਕਰਾਅ ਦੀ ਹਾਲਤ ਹੈ ਜੋ ਸਹੀ ਨਹੀਂ ਹੈ। -ਪੀਟੀਆਈ