ਨਵੀਂ ਦਿੱਲੀ: ਭਾਜਪਾ ਨੇ ਅੱਜ ਇੱਥੇ ਉੱਤਰ ਪ੍ਰਦੇਸ਼ ਦੇ ਕੈਬਨਿਟ ਮੰਤਰੀ ਭੁਪੇਂਦਰ ਚੌਧਰੀ ਨੂੰ ਸੂੁਬੇ ਵਿੱਚ ਪਾਰਟੀ ਦਾ ਪ੍ਰਧਾਨ ਥਾਪਿਆ ਹੈ। ਇਹ ਨਿਯੁਕਤੀ ਜਾਟ ਭਾਈਚਾਰੇ ਵਿੱਚ ਵੋਟ ਬੈਂਕ ਪੱਕਾ ਕਰਨ ਦੇ ਇਰਾਦੇ ਨਾਲ ਕੀਤੀ ਲੱਗਦੀ ਹੈ ਕਿਉਂਕਿ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲੇ ਅੰਦੋਲਨ ਵਿੱਚ ਜਾਟ ਭਾਈਚਾਰੇ ਨੇ ਮੋਹਰੀ ਭੂੁਮਿਕਾ ਨਿਭਾਈ ਸੀ। ਪੰਚਾਇਤ ਰਾਜ ਮੰਤਰੀ ਭੁਪੇਂਦਰ ਚੌਧਰੀ ਦੀ ਨਿਯੁਕਤੀ ਨਾਲ ਉੱਤਰ ਪ੍ਰਦੇਸ਼ ਤੀਜਾ ਅਜਿਹਾ ਸੂਬਾ ਬਣ ਗਿਆ ਹੈ, ਜਿੱਥੇ ਭਾਜਪਾ ਦੀ ਅਗਵਾਈ ਜਾਟ ਆਗੂ ਕਰੇਗਾ। ਇਸ ਤੋਂ ਪਹਿਲਾਂ ਹਰਿਆਣਾ ਵਿੱਚ ਓਪੀ ਧਨਖੜ ਤੇ ਰਾਜਸਥਾਨ ਵਿੱਚ ਸਤੀਸ਼ ਪੂਨੀਆ ਨੂੰ ਭਾਜਪਾ ਨੇ ਸੂਬਾ ਪ੍ਰਧਾਨ ਨਿਯੁਕਤ ਕੀਤਾ ਸੀ। ਭੁਪੇਂਦਰ ਚੌਧਰੀ ਸੁਤੰਤਰ ਦੇਵ ਸਿੰਘ ਦੀ ਜਗ੍ਹਾ ਲੈਣਗੇ, ਜਿਨ੍ਹਾਂ ਨੂੰ ਯੋਗੀ ਆਦਿਤਿਆਨਾਥ ਦੀ ਸਰਕਾਰ ਵਿੱਚ ਮੰਤਰੀ ਬਣਾਇਆ ਗਿਆ ਹੈ। -ਪੀਟੀਆਈ