ਨਵੀਂ ਦਿੱਲੀ, 28 ਜਨਵਰੀ
ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਿਫਾਰਮਜ਼ (ਏਡੀਆਰ) ਮੁਤਾਬਕ ਭਾਜਪਾ ਨੇ ਵਿੱਤੀ ਵਰ੍ਹੇ 2019-20 ’ਚ ਪਾਰਟੀ ਦੀ 4,847.78 ਕਰੋੜ ਰੁਪਏ ਦੀ ਸੰਪਤੀ ਐਲਾਨੀ ਹੈ ਜੋ ਸਾਰੀਆਂ ਪਾਰਟੀਆਂ ਨਾਲੋਂ ਸਭ ਤੋਂ ਜ਼ਿਆਦਾ ਹੈ। ਦੂਜੇ ਨੰਬਰ ’ਤੇ ਬਹੁਜਨ ਸਮਾਜ ਪਾਰਟੀ (698.33 ਕਰੋੜ) ਅਤੇ ਤੀਜੇ ’ਤੇ ਕਾਂਗਰਸ (588.16 ਕਰੋੜ) ਹੈ। ਏਡੀਆਰ ਨੇ 2019-20 ’ਚ ਕੌਮੀ ਅਤੇ ਖੇਤਰੀ ਪਾਰਟੀਆਂ ਦੀ ਸੰਪਤੀ ਅਤੇ ਦੇਣਦਾਰੀਆਂ ਦੇ ਆਪਣੇ ਅਧਿਐਨ ਦੇ ਆਧਾਰ ’ਤੇ ਇਹ ਰਿਪੋਰਟ ਤਿਆਰ ਕੀਤੀ ਹੈ। ਅਧਿਐਨ ਮੁਤਾਬਕ ਵਿੱਤੀ ਵਰ੍ਹੇ ਦੌਰਾਨ ਸੱਤ ਕੌਮੀ ਅਤੇ 44 ਖੇਤਰੀ ਪਾਰਟੀਆਂ ਵੱਲੋਂ ਐਲਾਨੀ ਕੁੱਲ ਸੰਪਤੀ ਕ੍ਰਮਵਾਰ 6,988.57 ਕਰੋੜ ਰੁਪਏ ਅਤੇ 2,129.38 ਕਰੋੜ ਰੁਪਏ ਸੀ। ਏਡੀਆਰ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਸੱਤ ਕੌਮੀ ਪਾਰਟੀਆਂ ’ਚੋਂ ਸਭ ਤੋਂ ਜ਼ਿਆਦਾ ਸੰਪਤੀ ਭਾਜਪਾ (4847.78 ਕਰੋੜ ਰੁਪਏ ਜਾਂ 69.37 ਫ਼ੀਸਦ), ਬਸਪਾ (698.33 ਕਰੋੜ ਰੁਪਏ ਜਾਂ 9.99 ਫ਼ੀਸਦ) ਅਤੇ ਕਾਂਗਰਸ (588.16 ਕਰੋੜ ਰੁਪਏ ਜਾਂ 8.42 ਫ਼ੀਸਦ) ਵੱਲੋਂ ਐਲਾਨੀ ਗਈ ਸੀ। ਰਿਪੋਰਟ ਮੁਤਾਬਕ 44 ਖੇਤਰੀ ਪਾਰਟੀਆਂ ’ਚੋਂ ਸਿਖਰਲੀ 10 ਪਾਰਟੀਆਂ ਦੀ ਸੰਪਤੀ 2028.715 ਕਰੋੜ ਰੁਪਏ ਜਾਂ ਉਨ੍ਹਾਂ ਸਾਰਿਆਂ ਵੱਲੋਂ ਐਲਾਨੀ ਕੁੱਲ ਸੰਪਤੀ ਦਾ 95.27 ਫ਼ੀਸਦ ਸੀ। ਵਿੱਤੀ ਵਰ੍ਹੇ 2019-20 ’ਚ ਖੇਤਰੀ ਪਾਰਟੀਆਂ ’ਚੋਂ ਸਮਾਜਵਾਦੀ ਪਾਰਟੀ ਵੱਲੋਂ ਸਭ ਤੋਂ ਜ਼ਿਆਦਾ ਸੰਪਤੀ 563.47 ਕਰੋੜ ਰੁਪਏ (26.46 ਫ਼ੀਸਦ) ਐਲਾਈ ਗਈ। ਇਸ ਤੋਂ ਬਾਅਦ ਟੀਆਰਐੱਸ (301.47 ਕਰੋੜ) ਅਤੇ ਅੰਨਾ ਡੀਐੱਮਕੇ (267.61 ਕਰੋੜ ਰੁਪਏ) ਦਾ ਨੰਬਰ ਆਉਂਦਾ ਹੈ। ਵਿੱਤੀ ਵਰ੍ਹੇ 2019-20 ’ਚ ਖੇਤਰੀ ਪਾਰਟੀਆਂ ਵੱਲੋਂ ਐਲਾਨੀ ਕੁੱਲ ਸੰਪਤੀ ’ਚ ਐੱਫਡੀਆਰ/ਫਿਕਸਡ ਡਿਪਾਜ਼ਿਟ ਦਾ ਹਿੱਸਾ ਸਭ ਤੋਂ ਜ਼ਿਆਦਾ 1,639.51 ਕਰੋੜ ਰੁਪਏ (76.99 ਫ਼ੀਸਦ) ਸੀ। ਵਿੱਤੀ ਵਰ੍ਹੇ ਲਈ ਐੱਫਡੀਆਰ/ਫਿਕਸਡ ਡਿਪਾਜ਼ਿਟ ਵਰਗ ਤਹਿਤ ਭਾਜਪਾ ਅਤੇ ਬਸਪਾ ਨੇ ਕ੍ਰਮਵਾਰ 3,253 ਕਰੋੜ ਅਤੇ 618.86 ਕਰੋੜ ਰੁਪਏ ਦਾ ਐਲਾਨ ਕੀਤਾ ਜੋ ਸਾਰੀਆਂ ਕੌਮੀ ਪਾਰਟੀਆਂ ’ਚੋਂ ਪਹਿਲੇ ਅਤੇ ਦੂਜੇ ਨੰਬਰ ’ਤੇ ਰਹੀਆਂ ਜਦਕਿ ਕਾਂਗਰਸ ਨੇ 240.90 ਕਰੋੜ ਰੁਪਏ ਇਸ ਸ਼੍ਰੇਣੀ ’ਚ ਐਲਾਨੇ ਸਨ। ਖੇਤਰੀ ਪਾਰਟੀਆਂ ’ਚੋਂ ਸਮਾਜਵਾਦੀ ਪਾਰਟੀ (434.219 ਕਰੋੜ), ਟੀਆਰਐੱਸ (256.01 ਕਰੋੜ), ਅੰਨਾ ਡੀਐੱਮਕੇ (246.90 ਕਰੋੜ), ਡੀਐੱਮਕੇ (162.425 ਕਰੋੜ), ਸ਼ਿਵ ਸੈਨਾ (148.46 ਕਰੋੜ) ਅਤੇ ਬੀਜੂ ਜਨਤਾ ਦਲ (118.425 ਕਰੋੜ) ਆਦਿ ਨੇ ਐੱਫਡੀਆਰ/ਫਿਕਸਡ ਡਿਪਾਜ਼ਿਟ ਤਹਿਤ ਸਭ ਤੋਂ ਜ਼ਿਆਦਾ ਸੰਪਤੀ ਐਲਾਨੇ ਜਾਣ ਵਾਲਿਆਂ ’ਚ ਸ਼ਾਮਲ ਹਨ। ਵਿੱਤੀ ਵਰ੍ਹੇ 2019-20 ਲਈ ਸੱਤ ਕੌਮੀ ਅਤੇ 44 ਖੇਤਰੀ ਪਾਰਟੀਆਂ ਵੱਲੋਂ ਐਲਾਨੀ ਕੁੱਲ ਦੇਣਦਾਰੀ 134.93 ਕਰੋੜ ਰੁਪਏ ਹੈ। ਏਡੀਆਰ ਮੁਤਾਬਕ,‘‘ਕੌਮੀ ਸਿਆਸੀ ਪਾਰਟੀਆਂ ਨੇ ਵਿੱਤੀ ਵਰ੍ਹੇ 2019-20 ’ਚ 74.27 ਕਰੋੜ ਰੁਪਏ ਦੀਆਂ ਕੁੱਲ ਦੇਣਦਾਰੀਆਂ ਦਾ ਐਲਾਨ ਕੀਤਾ। ਕੌਮੀ ਪਾਰਟੀਆਂ ਨੇ ਉਧਾਰ ਤਹਿਤ 4.26 ਕਰੋੜ ਰੁਪਏ ਅਤੇ ਹੋਰ ਦੇਣਦਾਰੀਆਂ ਤਹਿਤ 70.01 ਕਰੋੜ ਰੁਪਏ ਦਾ ਐਲਾਨ ਕੀਤਾ। ਵਿੱਤੀ ਵਰ੍ਹੇ 2019-20 ’ਚ ਕਾਂਗਰਸ ਨੇ 49.55 ਕਰੋੜ ਰੁਪਏ (66.72 ਫ਼ੀਸਦ) ਦੀਆਂ ਸਭ ਤੋਂ ਜ਼ਿਆਦਾ ਦੇਣਦਾਰੀਆਂ ਦਾ ਐਲਾਨ ਕੀਤਾ। ਉਸ ਤੋਂ ਬਾਅਦ ਏਆਈਟੀਸੀ ਨੇ 11.32 ਕਰੋੜ (15.24 ਫ਼ੀਸਦ) ਦੀ ਦੇਣਦਾਰੀ ਦਾ ਐਲਾਨ ਕੀਤਾ। ਏਡੀਆਰ ਮੁਤਾਬਕ ਵਿੱਤੀ ਵਰ੍ਹੇ 2019-20 ’ਚ ਖੇਤਰੀ ਪਾਰਟੀਆਂ ਨੇ ਕੁੱਲ 60.66 ਕਰੋੜ ਰੁਪਏ ਦੀ ਕੁੱਲ ਦੇਣਦਾਰੀ ਦਾ ਐਲਾਨ ਕੀਤਾ। ਏਡੀਆਰ ਦੇ ਅਧਿਐਨ ਮੁਤਾਬਕ ਖੇਤਰੀ ਪਾਰਟੀਆਂ ਨੇ ਵਿੱਤੀ ਵਰ੍ਹੇ 2019-20 ’ਚ ਉਧਾਰ ਤਹਿਤ 30.29 ਕਰੋੜ ਰੁਪਏ ਅਤੇ ਹੋਰ ਦੇਣਦਾਰੀਆਂ ਤਹਿਤ 30.37 ਕਰੋੜ ਰੁਪਏ ਦਾ ਐਲਾਨ ਕੀਤਾ ਜਿਸ ’ਚ ਟੀਡੀਪੀ ਨੇ 30.342 ਕਰੋੜ ਰੁਪਏ (50.02 ਫ਼ੀਸਦ) ਦੀ ਸਭ ਤੋਂ ਜ਼ਿਆਦਾ ਦੇਣਦਾਰੀਆਂ ਦਾ ਐਲਾਨ ਕੀਤਾ। ਇਸ ਤੋਂ ਬਾਅਦ ਡੀਐੱਮਕੇ ਨੇ 8.05 ਕਰੋੜ ਰੁਪਏ (13.27 ਫ਼ੀਸਦ) ਦੀ ਦੇਣਦਾਰੀ ਦਾ ਐਲਾਨ ਕੀਤਾ। -ਪੀਟੀਆਈ