ਬਰਾਕਪੋਰ (ਪੱਛਮੀ ਬੰਗਾਲ), 23 ਜਨਵਰੀ
ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਜਨਮ ਦਿਹਾੜੇ ਮੌਕੇ ਕਰਵਾਏ ਸਮਾਗਮ ’ਚ ਸ਼ਾਮਲ ਐੱਮਪੀ ਅਰਜੁਨ ਸਿੰਘ ’ਤੇ ਕਥਿਤ ਤੌਰ ’ਤੇ ਪਥਰਾਅ ਹੋਣ ਦੀ ਘਟਨਾ ਵਾਪਰਨ ਮਗਰੋਂ ਕੋਲਕਾਤਾ ਨੇੜੇ ਭਾਜਪਾ ਤੇ ਟੀਐੱਮਸੀ ਸਮਰਥਕ ਆਪਸ ’ਚ ਭਿੜ ਗਏ। ਪੁਲੀਸ ਮੁਤਾਬਕ ਨੌਰਥ 24 ਪਰਗਨਾ ਜ਼ਿਲ੍ਹੇ ਵਿੱਚ ਪੁਲੀਸ ਦੇ ਇੱਕ ਵਾਹਨ ਸਮੇਤ ਦੋ ਕਾਰਾਂ ਨੂੰ ਅੱਗ ਲਾ ਦਿੱਤੀ ਗਈ। ਪੁਲੀਸ ਦੇ ਜੁਆਇੰਟ ਕਮਿਸ਼ਨਰ ਧਰੁਵ ਜਯੋਤੀ ਡੇਅ ਨੇ ਕਿਹਾ ਕਿ ਭਾਜਪਾ ਐੱਮਪੀ ਨੂੰ ਸੁਰੱਖਿਅਤ ਕੱਢ ਕੇ ਉਨ੍ਹਾਂ ਦੀ ਰਿਹਾਇਸ਼ ’ਤੇ ਪਹੁੰਚਾ ਦਿੱਤਾ ਗਿਆ। ਘਟਨਾ ਸਥਾਨ ’ਤੇ ਸੀਨੀਅਰ ਅਧਿਕਾਰੀਆਂ ਸਮੇਤ ਵੱਡੀ ਗਿਣਤੀ ’ਚ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਭਾਜਪਾ ਨੇ ਇਸ ਦੀ ਉੱਚ ਪੱਧਰੀ ਜਾਂਚ ਮੰਗੀ ਹੈ। ਉਨ੍ਹਾਂ ਘਟਨਾ ਬਾਰੇ ਲੋਕ ਸਭਾ ਦੇ ਸਪੀਕਰ ਤੇ ਗਵਰਨਰ ਨੂੰ ਜਾਣਕਾਰੀ ਦੇ ਦਿੱਤੀ ਹੈ। ਦੂਜੇ ਪਾਸੇ, ਟੀਐੱਮਸੀ ਆਗੂਆਂ ਨੇ ਦਾਅਵਾ ਕੀਤਾ ਕਿ ਅਰਜੁਨ ਸਿੰਘ ਮਿਉਂਸਿਪਲ ਚੋਣਾਂ ਤੋਂ ਪਹਿਲਾਂ ਮੁਸ਼ਕਲਾਂ ਖੜ੍ਹੀਆਂ ਕਰਨ ਦਾ ਯਤਨ ਕਰ ਰਹੇ ਹਨ। -ਪੀਟੀਆਈ