ਕੰਨਿਆਕੁਮਾਰੀ (ਤਾਮਿਲ ਨਾਡੂ), 7 ਸਤੰਬਰ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਇਥੇ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ 3570 ਕਿਲੋਮੀਟਰ ਲੰਮੀ ‘ਭਾਰਤ ਜੋੜੋ ਯਾਤਰਾ’ ਦਾ ਰਸਮੀ ਆਗਾਜ਼ ਕਰਦਿਆਂ ਕਿਹਾ ਕਿ ਦੇਸ਼ ਦਾ ਤਿਰੰਗਾ ਹਰੇਕ ਧਰਮ, ਰਾਜ ਤੇ ਭਾਸ਼ਾ ਨਾਲ ਸਬੰਧ ਰੱਖਦਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਤੇ ਆਰਐੱਸਐੱਸ ਵੱਲੋਂ ਤਿਰੰਗੇ ’ਤੇ ਹਮਲੇ ਕੀਤੇ ਜਾ ਰਹੇ ਹਨ। ਦੇਸ਼ ਨੂੰ ਧਰਮ ਤੇ ਭਾਸ਼ਾ ਦੀਆਂ ਲੀਹਾਂ ’ਤੇ ਵੰਡਿਆ ਜਾ ਰਿਹੈ। ਹਰੇਕ ਸੰਸਥਾ ਨੂੰ ਨਿਸ਼ਾਨਾ ਬਣਾਇਆ ਜਾ ਰਿਹੈ। ਉਨ੍ਹਾਂ ਦੇਸ਼ ਨੂੰ ਇਕਜੁੱਟ ਰੱਖਣ ਲਈ ਲੋਕਾਂ ਤੋਂ ਹਮਾਇਤ ਮੰਗੀ। ਰੈਲੀ ਵਿੱਚ ਤਾਮਿਲ ਨਾਡੂ ਦੇ ਮੁੱਖ ਮੰਤਰੀ ਐੱਮ.ਕੇ.ਸਟਾਲਿਨ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਤੇ ਛੱਤੀਸਗੜ੍ਹ ਦੇ ਹਮਰੁਤਬਾ ਭੁਪੇਸ਼ ਬਘੇਲ ਤੇ ਹੋਰ ਕਈ ਸੀਨੀਅਰ ਕਾਂਗਰਸੀ ਆਗੂ ਮੌਜੂਦ ਸਨ। ਸਟਾਲਿਨ, ਗਹਿਲੋਤ ਤੇ ਬਘੇਲ ਨੇ ਰਾਹੁਲ ਗਾਂਧੀ ਨੂੰ ਤਿਰੰਗਾ ਝੰਡਾ ਸੌਂਪ ਕੇ ਯਾਤਰਾ ਦੀ ਸ਼ੁਰੂਆਤ ਕੀਤੀ। ਕਾਂਗਰਸ ਨੇ ਯਾਤਰਾ ਨੂੰ ਭਾਰਤੀ ਸਿਆਸਤ ਦਾ ਅਹਿਮ ਮੋੜ ਤੇ ‘ਨਵੀਂ ਸ਼ੁਰੂਆਤ’ ਦੱਸਿਆ। ਇਹ ਯਾਤਰਾ ਅਗਲੇ ਪੰਜ ਮਹੀਨਿਆਂ ਦੌਰਾਨ 12 ਰਾਜਾਂ ਤੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚੋਂ ਲੰਘੇਗੀ।
‘ਭਾਰਤ ਜੋੋੜੋ ਯਾਤਰਾ’ ਦੀ ਸ਼ੁਰੂਆਤ ਤੋਂ ਪਹਿਲਾਂ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ, ‘‘ਸਾਡਾ ਤਿਰੰਗਾ ਆਪਣੀ ਮਰਜ਼ੀ ਦੇ ਕਿਸੇ ਵੀ ਧਰਮ ਨੂੰ ਮੰਨਣ ਦੀ ਸਾਨੂੰ ਖੁੱਲ੍ਹ ਦਿੰਦਾ ਹੈ, ਪਰ ਅੱਜ ਇਸ ਝੰਡੇ ’ਤੇ ਹਮਲੇ ਕੀਤੇ ਜਾ ਰਹੇ ਹਨ।’’ ਉਨ੍ਹਾਂ ਕਿਹਾ ਕਿ ਤਿਰੰਗਾ ਸੌਖਾ ਨਹੀਂ ਮਿਲਿਆ ਤੇ ਇਸ ਨੂੰ ਹਰੇਕ ਧਰਮ, ਖੇਤਰ ਤੇ ਭਾਸ਼ਾ ਦੇ ਭਾਰਤੀ ਨੇ ਕਮਾਇਆ ਹੈ। ਗਾਂਧੀ ਨੇ ਕਿਹਾ ਕਿ ਭਾਰਤ ਨੂੰ ਅੱਜ ਸਭ ਤੋਂ ਵੱਡਾ ਆਰਥਿਕ ਸੰਕਟ ਦਰਪੇਸ਼ ਹੈ। ਬੇਰੁਜ਼ਗਾਰੀ ਦਰ ਸਿਖਰ ’ਤੇ ਹੈ ਤੇ ਦੇਸ਼ ਵੱਡੇ ਸੰਕਟ ਵੱਲ ਵਧ ਰਿਹਾ ਹੈ।
ਯਾਤਰਾ ਦੀ ਸ਼ੁਰੂਆਤ ਤੋਂ ਪਹਿਲਾਂ ਰਾਹੁਲ ਗਾਂਧੀ ਅੱਜ ਸਵੇਰੇ ਸ੍ਰੀਪੇਰੁਮਬੁਦੁਰ ਗਏ, ਜਿੱਥੇ ਉਨ੍ਹਾਂ ਆਪਣੇ ਪਿਤਾ ਤੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਯਾਦਗਾਰ ’ਤੇ ਫੁੱਲ ਮਾਲਾਵਾਂ ਨਾਲ ਪ੍ਰਾਰਥਨਾ ਕੀਤੀ। ਮਗਰੋਂ ਇਕ ਟਵੀਟ ਵਿੱਚ ਗਾਂਧੀ ਨੇ ਕਿਹਾ, ‘‘ਮੈਂ ਨਫ਼ਰਤ ਤੇ ਵੰਡ ਦੀ ਸਿਆਸਤ ਕਰਕੇ ਆਪਣੇ ਪਿਤਾ ਨੂੰ ਗੁਆਇਆ ਹੈ। ਮੈਂ ਆਪਣੇ ਮਹਬਿੂਬ ਮੁਲਕ ਨੂੰ ਵੀ ਉਸੇ ਤਰ੍ਹਾਂ ਨਹੀਂ ਗੁਆ ਸਕਦਾ। ਪਿਆਰ ਨਫ਼ਰਤ ਨੂੰ ਹਰਾਏਗਾ। ਆਸ ਡਰ ਦਾ ਖਾਤਮਾ ਕਰੇਗੀ। ਅਸੀਂ ਮਿਲ ਕੇ ਇਹ ਲੜਾਈ ਜਿੱਤਾਂਗੇ।’’ ਰਾਹੁਲ ਗਾਂਧੀ ਯਾਤਰਾ ਦੇ ਮੱਦੇਨਜ਼ਰ ਮੰਗਲਵਾਰ ਰਾਤ ਹੀ ਚੇਨੱਈ ਪੁੱਜ ਗਏ ਸਨ। ਯਾਤਰਾ ਦੇ ਰਸਮੀ ਆਗਾਜ਼ ਤੋਂ ਪਹਿਲਾਂ ਰਾਹੁਲ ਕੰਨਿਆਕੁਮਾਰੀ ਵਿੱਚ ਵਿਵੇਕਾਨੰਦ ਰੌਕ ਮੈਮੋਰੀਅਲ, ਤਿਰੂਵਾਲੁਰ ਸਟੈਚੂ ਤੇ ਕਾਮਾਰਾਜ ਯਾਦਗਾਰ ਵੀ ਗਏ। ‘ਭਾਰਤ ਜੋੋੜੋ ਯਾਤਰਾ’ ਦੋ ਬੈਚਾਂ ਵਿੱਚ ਪੈਂਡਾ ਤੈਅ ਕਰੇਗੀ। ਪਹਿਲਾ ਬੈਚ ਸਵੇਰੇ 7 ਤੋਂ 10:30 ਵਜੇ ਤੱਮ ਮਾਰਚ ਕਰੇਗਾ ਜਿਸ ਵਿੱਚ ਕੁਝ ਕੁਝ ਗਿਣਤੀ ਦੇ ਲੋਕ/ਆਗੂ ਸ਼ਾਮਲ ਹੋਣਗੇ ਜਦੋਂਕਿ ਦੂਜਾ ਬੈਂਚ ਸ਼ਾਮ 3:30 ਤੋਂ 6:30 ਵਜੇ ਤੱਕ ਪੈਦਲ ਮਾਰਚ ਕਰੇਗਾ, ਜਿਸ ਵਿੱਚ ਵੱਡੀ ਗਿਣਤੀ ਲੋਕਾਂ ਨੂੰ ਨਾਲ ਜੋੜਿਆ ਜਾਵੇਗਾ। ਰੋਜ਼ਾਨਾ 22 ਤੋਂ 23 ਕਿਲੋਮੀਟਰ ਦੀ ਪੈਦਲ ਯਾਤਰਾ ਕੀਤੀ ਜਾਵੇਗੀ। ਰਾਹੁਲ ਗਾਂਧੀ ਸਣੇ ਕੁੱਲ 119 ਆਗੂਆਂ ਨੂੰ ‘ਭਾਰਤ ਯਾਤਰੀਆਂ’ ਵਜੋਂ ਵਰਗੀਕ੍ਰਿਤ ਕੀਤਾ ਗਿਆ ਹੈ, ਜੋ ਪੂਰੇ ਰੂਟ ਦੌਰਾਨ ਪੈਦਲ ਯਾਤਰਾ ਕਰਨਗੇ। ਯਾਤਰਾ 11 ਸਤੰਬਰ ਨੂੰ ਕੇਰਲਾ ਪੁੱਜੇਗੀ ਤੇ ਅਗਲੇ 18 ਦਿਨ ਸੂਬੇ ਦਾ ਪੈਂਡਾ ਤੈਅ ਕਰਨ ਮਗਰੋਂ 30 ਸਤੰਬਰ ਨੂੰ ਕਰਨਾਟਕ ਵਿੱਚ ਦਾਖ਼ਲ ਹੋਵੇਗੀ। ਨਿਰਧਾਰਿਤ ਰੂਟ ਮੁਤਾਬਕ ਯਾਤਰਾ ਤਿਰੂਵਨੰਤਪੁਰਮ, ਕੋਚੀ, ਨਿਲਾਂਬੁਰ, ਮੈਸੂਰ, ਬੈਲਾਰੀ, ਰਾਇਚੁਰ, ਵਿਕਾਰਾਬਾਦ, ਨਾਂਦੇੜ, ਜਲਗਾਓਂ, ਇੰਦੌਰ, ਕੋਟਾ, ਦੌਸਾ, ਅਲਵਰ, ਬੁਲੰਦਸ਼ਹਿਰ, ਦਿੱਲੀ, ਅੰਬਾਲਾ, ਪਠਾਨਕੋਟ, ਜੰਮੂ ਤੋਂ ਹੁੰਦੀ ਹੋਈ ਸ੍ਰੀਨਗਰ ਵਿੱਚ ਖ਼ਤਮ ਹੋਵੇਗੀ।
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ‘ਭਾਰਤ ਜੋੜੋ ਯਾਤਰਾ’ ਨੂੰ ਮੀਲ ਪੱਥਰ ਕਰਾਰ ਦਿੱਤਾ ਹੈ। ਉਨ੍ਹਾਂ ਆਸ ਜਤਾਈ ਕਿ 3500 ਕਿਲੋਮੀਟਰ ਦੀ ਇਹ ਪਦਯਾਤਰਾ ਪਾਰਟੀ ਵਿੱਚ ਨਵਾਂ ਉਤਸ਼ਾਹ ਭਰਨ ਵਿੱਚ ਮਦਦਗਾਰ ਹੋਵੇਗੀ। ਸੋਨੀਆ ਨੇ ਕਿਹਾ ਕਿ ਉਹ ਇਸ ਯਾਤਰਾ ਵਿੱਚ ਸ਼ਾਮਲ ਹੋਣਾ ਚਾਹੁੰਦੀ ਸੀ, ਪਰ ਮੈਡੀਕਲ ਚੈਕਅੱਪ ਕਰਕੇ ਉਹ ਨਹੀਂ ਪਹੁੰਚ ਸਕੇ, ਜਿਸ ਦਾ ਉਨ੍ਹਾਂ ਨੂੰ ਅਫਸੋਸ ਹੈ।
ਪ੍ਰਿਯੰਕਾ ਗਾਂਧੀ ਵਾਡਰਾ ਨੇ ਇਕ ਵੀਡੀਓ ਸੁਨੇਹੇ ਵਿੱਚ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਿੱਥੇ ਸੰਭਵ ਹੋਵੇ ਯਾਤਰਾ ਵਿੱਚ ਸ਼ਾਮਲ ਹੋਣ। ਉਧਰ ਕਾਂਗਰਸ ਆਗੂ ਕਨ੍ਹੱਈਆ ਕੁਮਾਰ ਨੇ ਦਾਅਵਾ ਕੀਤਾ ਕਿ ਭਾਜਪਾ ਵੱਲੋਂ 1990 ਵਿੱਚ ਕੱਢੀ ਰੱਥ ਯਾਤਰਾ ‘ਸੱਤਾ’ ਲਈ ਸੀ ਜਦੋਂਕਿ ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ‘ਸੱਤਿਆ’ ਲਈ ਹੈ। -ਪੀਟੀਆਈ
ਭਾਰਤ ਜੋੜੋ ਯਾਤਰਾ ‘ਗਾਂਧੀ ਪਰਿਵਾਰ ਨੂੰ ਬਚਾਉਣ ਦੀ ਮੁਹਿੰਮ’ : ਭਾਜਪਾ
ਨਵੀਂ ਦਿੱਲੀ: ਭਾਜਪਾ ਨੇ ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਨੂੰ ‘ਬਣਾਉਟੀ’ ਕਰਾਰ ਦਿੰਦੇ ਹੋਏ ਕਿਹਾ ਕਿ ਇਹ ਯਾਤਰਾ ਅਸਲ ਵਿੱਚ ‘ਪਰਿਵਾਰ ਨੂੰ ਬਚਾਉਣ ਦੀ ਮੁਹਿੰਮ’ ਹੈ ਤਾਂ ਕਿ ਗਾਂਧੀ ਪਰਿਵਾਰ ਦਾ ਕਾਂਗਰਸ ’ਤੇ ਕੰਟਰੋਲ ਬਣਿਆ ਰਹੇ। ਭਾਜਪਾ ਨੇ ਕਿਹਾ ਕਿ ਇਹ (ਯਾਤਰਾ) ਰਾਹੁਲ ਗਾਂਧੀ ਨੂੰ ਆਗੂ ਵਜੋਂ ਸਥਾਪਤ ਕਰਨ ਦਾ ਇਕ ਹੋਰ ਯਤਨ ਹੈ। ਭਾਜਪਾ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਵਿਰੋਧੀ ਪਾਰਟੀ ’ਤੇ ਚੁਟਕੀ ਲੈਂਦਿਆਂ ਕਿਹਾ ਕਿ ਗਾਂਧੀ ਆਪਣੀ ਪਾਰਟੀ ਨੂੰ ਤਾਂ ਇਕਜੁੱਟ ਨਹੀਂ ਰੱਖ ਸਕੇ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੂੰ ਮੁੜ ਪ੍ਰਧਾਨ ਬਣਾਉਣ ਲਈ ਨਿਯਮਤ ‘ਦਰਬਾਰ’ ਲੱਗਦਾ ਹੈ ਜਦੋਂਕਿ ਉਹ ਖ਼ੁਦ ਅਕਸਰ ਦੇਸ਼ ਤੋਂ ਬਾਹਰ ਹੁੰਦੇ ਹਨ। ਪ੍ਰਸਾਦ ਨੇ ਪੱਤਰਕਾਰਾਂ ਨੂੰ ਦੱਸਿਆ, ‘‘ਅਸਲ ਵਿੱਚ ਇਹ ਪਰਿਵਾਰ ਨੂੰ ਬਚਾਉਣ ਦੀ ਮੁਹਿੰਮ ਹੈ। ਪਰਿਵਾਰ ਤੇ ਪਾਰਟੀ ਦਾ ਸਿਆਸੀ ਘੇਰਾ ਸੁੰਗੜਦਾ ਜਾ ਰਿਹਾ ਹੈ। ਉਨ੍ਹਾਂ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਦੇਸ਼ ਨੂੰ ਜੋੜਨ ਦਾ ਨਹੀਂ ਬਲਕਿ ਰਾਹੁਲ ਨੂੰ ਮੁੜ ਆਗੂ ਵਜੋਂ ਸਥਾਪਤ ਕਰਨ ਦੀਆਂ ਕੋਸ਼ਿਸ਼ਾਂ ਹਨ। ਮੈਂ ਜਾਣਨਾ ਚਾਹਾਂਗਾ ਕਿ ਉਸ ਨੂੰ ਕਿੰਨੀ ਵਾਰ ਲਾਂਚ ਤੇ ਰੀਲਾਂਚ ਕੀਤਾ ਜਾਵੇਗਾ?’’ ਗੁਲਾਮ ਨਬੀ ਆਜ਼ਾਦ ਸਣੇ ਹੋਰਨਾਂ ਆਗੂਆਂ ਦੇ ਕਾਂਗਰਸ ਨੂੰ ਅਲਵਿਦਾ ਕਹਿਣ ਦੇ ਹਵਾਲੇ ਨਾਲ ਪ੍ਰਸਾਦ ਨੇ ਕਿਹਾ ਕਿ ਰਾਹੁਲ ਗਾਂਧੀ ਆਪਣੀ ਪਾਰਟੀ ਨੂੰ ਤਾਂ ਇਕਜੁੱਟ ਨਹੀਂ ਰੱਖ ਸਕੇ। ਭਾਜਪਾ ਆਗੂ ਤੇ ਆਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਵੀ ਯਾਤਰਾ ਦਾ ਮੌਜੂ ਉਡਾਉਂਦਿਆਂ ਇਸ ਨੂੰ ‘ਸਦੀ ਦੀ ਕਾਮੇਡੀ’ ਦੱਸਿਆ ਹੈ। -ਪੀਟੀਆਈ
ਗਹਿਲੋਤ ਵੱਲੋਂ ਰਾਹੁਲ ਨੂੰ ਕਾਂਗਰਸ ਦਾ ਪ੍ਰਧਾਨ ਥਾਪੇ ਜਾਣ ਦੀ ਵਕਾਲਤ
ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਰਾਹੁਲ ਗਾਂਧੀ ਨੂੰ ਕਾਂਗਰਸ ਦਾ ਪ੍ਰਧਾਨ ਥਾਪੇ ਜਾਣ ਦੀ ਜ਼ੋਰਦਾਰ ਵਕਾਲਤ ਕਰਦਿਆਂ ਕਿਹਾ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਨਾ ਸਿਰਫ ਪਾਰਟੀ ਮਜ਼ਬੂਤ ਹੋਵੇਗੀ ਬਲਕਿ ਚੁਣੌਤੀਆਂ ਦੇ ਟਾਕਰੇ ਲਈ ਇਕਜੁੱਟ ਰਹੇਗੀ। ਗਹਿਲੋਤ ਨੇ ਕਿਹਾ ਕਿ ਗਾਂਧੀ ਪਰਿਵਾਰ ਦੀ ਸਭ ਤੋਂ ਵੱਡੀ ਖੂਬੀ ਇਹੀ ਹੈ ਕਿ ਉਹ ਪਾਰਟੀ ਹਿੱਤ ਵਿੱਚ ਫੈਸਲੇ ਲੈਂਦੇ ਹਨ। ‘ਭਾਰਤ ਜੋੜੋ ਯਾਤਰਾ’ ਦੇ ਰਸਮੀ ਆਗਾਜ਼ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਗਹਿਲੋਤ ਨੇ ਕਿਹਾ ਕਿ ਜੇਕਰ ਜਾਤ ਤੇ ਧਰਮ ਦੇ ਨਾਂ ’ਤੇ ਨਫ਼ਰਤ ਦਾ ਪਾਸਾਰ ਇੰਜ ਹੀ ਜਾਰੀ ਰਿਹਾ ਤਾਂ ਦੇਸ਼ ਖਾਨਾਜੰਗੀ ਵੱਲ ਧੱਕਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਇਰਾਦੇ ਕਥਿਤ ਠੀਕ ਨਹੀਂ ਹਨ ਤੇ ਦੇਸ਼ ਵਾਸੀਆਂ ਦਾ ਫ਼ਰਜ਼ ਬਣਦਾ ਹੈ ਕਿ ਉਹ ਦੇਸ਼ ਨੂੰ ਇਕਜੁਟ ਰੱਖਣ।