ਮੁੰਬਈ: ਮਹਾਰਾਸ਼ਟਰ ’ਚ ਐਤਵਾਰ ਨੂੰ 381 ਪੰਛੀਆਂ ਦੀ ਮੌਤ ਹੋਣ ਮਗਰੋਂ ਸੂਬੇ ’ਚ ਬਰਡ ਫਲੂ ਦਾ ਖ਼ਤਰਾ ਪੈਦਾ ਹੋ ਗਿਆ ਹੈ। ਇੱਕ ਸਰਕਾਰੀ ਅਧਿਕਾਰੀ ਨੇ ਅੱਜ ਦੱਸਿਆ ਕਿ ਇਨ੍ਹਾਂ ਵਿੱਚੋਂ 380 ਪੰਛੀ ਪੋਲਟਰੀ ਫਾਰਮਾਂ ’ਚ ਮਰੇ ਪਾਏ ਗਏ, ਜਿਨ੍ਹਾਂ ਵਿੱਚੋਂ ਵਿਦਰਭ ਦੇ ਨੰਦਰਬਾਰ ’ਚ 190 ਅਤੇ ਅਮਰਾਵਤੀ ’ਚ 115 ਪੰਛੀਆਂ ਦੀ ਮੌਤ ਹੋਈ ਹੈ। ਉਨ੍ਹਾਂ ਦੱਸਿਆ ਕਿ ਜਾਂਚ ਲਈ ਸੈਂਪਲ ਨੈਸ਼ਨਲ ਇੰਸਟੀਚਿਊਟ ਆਫ ਹਾਈ ਸਿਕਿਉਰਿਟੀ ਐਨੀਮਲ ਡਿਸੀਜ਼ਜ ਭੁਪਾਲ ਅਤੇ ਰੋਗ ਜਾਂਚ ਸੈਕਸ਼ਨ (ਡੀਆਈਐੱਸ), ਪੁਣੇ ਵਿੱਚ ਭੇਜੇ ਰਹੇ ਹਨ। ਸੂਬਾ ਸਰਕਾਰ ਵੱਲੋਂ ਜਾਰੀ ਸੂਚਨਾ ਮੁਤਾਬਕ ਬਰਡ ਫਲੂ ਰੋਕਣ ਦੇ ਕਦਮਾਂ ਤਹਿਤ ਪ੍ਰਭਾਵਿਤ ਜ਼ੋਨਾਂ ਦੇ ਪੋਲਟਰੀ ਫਾਰਮਾਂ ’ਚ ਹੁਣ ਤਕ 7,20,515 ਪੰਛੀਆਂ, ਜਿਨ੍ਹਾਂ ਵਿੱਚ ਨੰਦਰਬਾਰ ਦੇ ਨਵਾਪੁਰ ਦੇ ਪੋਲਟਰੀ ਫਾਰਮਾਂ ਦੇ 5,86,868 ਪੰਛੀ ਵੀ ਸ਼ਾਮਲ ਹਨ, ਨੂੰ ਮਾਰਿਆ ਜਾ ਚੁੱਕਾ ਹੈ। ਇਸ ਤੋਂ ਇਲਾਵਾ 26,44,177 ਅੰਡੇ ਅਤੇ ਪੋਲਟਰੀ ਦੇ ਪੰਛੀਆਂ ਦੀ 73,004 ਕਿੱਲੋ ਖੁਰਾਕ ਨਸ਼ਟ ਕੀਤੀ ਜਾ ਚੁੱਕੀ ਹੈ। -ਪੀਟੀਆਈ