ਪਟਨਾ, 31 ਅਗਸਤ
ਬਿਹਾਰ ‘ਚ ਨਵੀਂ ਬਣੀ ਮਹਾਗਠਜੋੜ ਸਰਕਾਰ ‘ਚ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਵਿਵਾਦਾਂ ‘ਚ ਘਿਰੇ ਕਾਨੂੰਨ ਮੰਤਰੀ ਕਾਰਤਿਕ ਕੁਮਾਰ ਦਾ ਵਿਭਾਗ ਬਦਲ ਦਿੱਤਾ ਗਿਆ ਹੈ। ਬਿਹਾਰ ਦੇ ਮੁੱਖ ਸਕੱਤਰ ਆਮਿਰ ਸੁਭਾਨੀ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਸਲਾਹ ‘ਤੇ ਰਾਜਪਾਲ ਸਕੱਤਰੇਤ ਵੱਲੋਂ 30 ਅਗਸਤ ਦੇ ਹੁਕਮਾਂ ‘ਚ ਕਾਰਤਿਕ ਕੁਮਾਰ ਨੂੰ ਕਾਨੂੰਨ ਵਿਭਾਗ ਦੀ ਥਾਂ ਗੰਨਾ ਸਨਅਤ ਵਿਭਾਗ ਤੇ ਸ਼ਮੀਮ ਅਹਿਮਦ ਨੂੰ ਗੰਨਾ ਸਨਅਤ ਦੀ ਥਾਂ ਕਾਨੂੰਨ ਵਿਭਾਗ ਅਗਲੇ ਹੁਕਮਾਂ ਤੱਕ ਸੌਂਪ ਦਿੱਤਾ ਗਿਆ ਹੈ।ਕਾਰਤਿਕ ਕੁਮਾਰ ਨੇ 16 ਅਗਸਤ ਨੂੰ ਪਟਨਾ ਜ਼ਿਲ੍ਹੇ ਦੇ ਦਾਨਾਪੁਰ ‘ਚ ਅਗਵਾ ਮਾਮਲੇ ‘ਚ ਅਦਾਲਤ ‘ਚ ਆਤਮ ਸਮਰਪਣ ਕਰਨਾ ਸੀ ਪਰ ਉਸੇ ਦਿਨ ਉਨ੍ਹਾਂ ਨੇ ਨਿਤੀਸ਼ ਕੁਮਾਰ ਦੇ ਨਵੇਂ ਮੰਤਰੀ ਮੰਡਲ ’ਚ ਮੰਤਰੀ ਵਜੋਂ ਸਹੁੰ ਚੁੱਕੀ ਸੀ।