ਪਟਨਾ, 11 ਨਵੰਬਰ
ਪਿਤਾਪੁਰਖੀ ਸਿਆਸੀ ਵਿਰਾਸਤ ਅੱਗੇ ਵਧਾਊਣ ਲਈ ਬਿਹਾਰ ਦੇ ਚੋਣ ਮੈਦਾਨ ਵਿੱਚ ਨਿੱਤਰੇ ਜ਼ਿਆਦਾਤਰ ਊਮੀਦਵਾਰ ਆਪਣੀ ਸੀਟ ਤੋਂ ਚੋਣ ਨਾ ਜਿੱਤ ਸਕੇ ਅਤੇ ਕੁਝ ਕੁ ਨੂੰ ਹੀ ਜਿੱਤ ਨਸੀਬ ਹੋਈ।
ਸਭ ਤੋਂ ਚਰਚਿਤ ਜਿੱਤਾਂ ਵਿੱਚ ਆਰਜੇਡੀ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਦੇ ਦੋ ਪੁੱਤਰਾਂ -ਤੇਜਸਵੀ ਯਾਦਵ ਅਤੇ ਤੇਜ ਪ੍ਰਤਾਪ ਯਾਦਵ ਦੀ ਜਿੱਤ ਸ਼ਾਮਲ ਹੈ, ਜੋ ਕਿ ਕ੍ਰਮਵਾਰ ਹਲਕਾ ਰਾਘੋਘੁਰ ਅਤੇ ਹਸਨਪੁਰ ਤੋਂ ਵੱਡੇ ਫ਼ਰਕ ਨਾਲ ਜਿੱਤੇ ਹਨ। ਪ੍ਰੰਤੁੂ ਸੀਨੀਅਰ ਸਮਾਜਿਕ ਆਗੂ ਸ਼ਰਦ ਯਾਦਵ ਦੀ 30 ਵਰ੍ਹਿਆਂ ਦੀ ਧੀ ਸੁਭਾਸਿਨੀ ਰਾਜ ਰਾਓ, ਜਿਸ ਨੇ ਬਿਹਾਰੀਗੰਜ ਸੀਟ ਤੋਂ ਕਾਂਗਰਸ ਦੀ ਟਿਕਟ ’ਤੇ ਚੋਣ ਲੜੀ, ਨੂੰ ਜੇਡੀ (ਯੂ) ਦੇ ਹੰਢੇ ਹੋਏ ਸਿਆਸਤਦਾਨ ਅਤੇ ਮੌਜੂਦਾ ਵਿਧਾਇਕ ਨਿਰੰਜਨ ਮਹਿਤਾ ਨੇ 19 ਹਜ਼ਾਰ ਵੋਟਾਂ ਦੇ ਫ਼ਰਕ ਨਾਲ ਹਰਾਇਆ। ਅਦਾਕਾਰ-ਸਿਆਸਤਦਾਨ ਸ਼ਤਰੂਘਨ ਸਿਨਹਾ ਦੇ ਪੁੱਤਰ ਅਤੇ ਕਾਂਗਰਸੀ ਊਮੀਦਵਾਰ ਲਵ ਸਿਨਹਾ ਨੂੰ ਬਾਂਕੀਪੁਰ ਸੀਟ ਤੋਂ ਭਾਜਪਾ ਦੇ ਨਿਤਿਨ ਨਬੀਨ ਨੇ 27 ਹਜ਼ਾਰ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਹਰਾ ਦਿੱਤਾ।
ਸਾਬਕਾ ਕੇਂਦਰੀ ਮੰਤਰੀ ਦਿਗਵਿਜੈ ਸਿੰਘ ਦੀ ਧੀ ਅਤੇ ਰਾਸ਼ਟਰਮੰਡਲ ਖੇਡਾਂ ’ਚ ਸ਼ੂਟਿੰਗ ਪੁਰਸਕਾਰ ਜੇਤੂ ਸ਼੍ਰੇਅਸੀ ਸਿੰਘ ਨੂੰ ਜਮੂਈ ਸੀਟ ਤੋਂ ਜਿੱਤ ਮਿਲੀ। ਸਿਕਿੱਮ ਦੇ ਰਾਜਪਾਲ ਗੰਗਾ ਪ੍ਰਸਾਦ ਦੇ ਪੁੱਤਰ ਸੰਜੀਵ ਚੌਰਸੀਆ ਨੂੰ ਦੀਘਾ ਸੀਟ ਤੋਂ, ਆਰਜੇਡੀ ਦੇ ਊਪ-ਪ੍ਰਧਾਨ ਸ਼ਿਵਾਨੰਦ ਤਿਵਾੜੀ ਦੇ ਪੁੱਤਰ ਰਾਹੁਲ ਤਿਵਾੜੀ ਨੂੰ ਸ਼ਾਹਪੁਰ ਸੀਟ ਤੋਂ ਅਤੇ ਆਰਜੇਡੀ ਦੇ ਸੂਬਾ ਪ੍ਰਧਾਨ ਜਗਦਾਨੰਦ ਸਿੰਘ ਤੇ ਪੁੱਤਰ ਸੁਧਾਕਰ ਸਿੰਘ ਨੂੰ ਰਾਮਗੜ੍ਹ ਸੀਟ ਤੋਂ ਜਿੱਤ ਮਿਲੀ। ਬਿਹਾਰ ਦੇ ਤਿੰਨ ਵਾਰ ਮੁੱਖ ਮੰਤਰੀ ਰਹੇ ਜਗਨਨਾਥ ਮਿਸ਼ਰਾ ਦੇ ਪੁੱਤਰ ਨਿਤੀਸ਼ ਮਿਸ਼ਰਾ ਨੂੰ ਝਾਂਜਰਪੁਰ ਸੀਟ ਤੋਂ ਭਾਜਪਾ ਦੀ ਟਿਕਟ ’ਤੇ ਜਿੱਤ ਨਸੀਬ ਹੋਈ। ਆਰਜੇਡੀ ਦੇ ਮਰਹੂਮ ਆਗੂ ਤੁਲਸੀ ਦਾਸ ਮਹਿਤਾ ਦੇ ਪੁੱਤਰ ਅਲੋਕ ਮਹਿਤਾ ਨੂੰ ਓਜਿਆਰਪੁਰ ਹਲਕੇ ਤੋਂ ਜਿੱਤ ਮਿਲੀ। ਦੂਜੇ ਪਾਸੇ, ਚੋਣ ਹਾਰਨ ਵਾਲਿਆਂ ਦੀ ਸੂਚੀ ਜ਼ਿਆਦਾ ਲੰਬੀ ਹੈ। ਕਾਂਗਰਸ ਦੇ ਸੀਨੀਅਰ ਆਗੂ ਸਦਾਨੰਦ ਸਿੰਘ ਦੇ ਪੁੱਤਰ ਸੁਭਾਨੰਦ ਮੁਕੇਸ਼ ਨੂੰ ਭਾਜਪਾ ਦੇ ਪਵਨ ਯਾਦਵ ਨੇ ਕਾਹਲਗਾਉਂ ਹਲਕੇ ਤੋਂ 44 ਹਜ਼ਾਰ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਮਾਤ ਦਿੱਤੀ। ਆਰਜੇਡੀ ਦੇ ਸੀਨੀਅਰ ਆਗੂ ਪ੍ਰਭੂਨਾਥ ਸਿੰਘ ਦੇ ਪੁੱਤਰ ਰਣਧੀਰ ਕੁਮਾਰ ਸਿੰਘ ਨੂੰ ਹਲਕਾ ਚਪੜਾ ਵਿੱਚ ਮੌਜੂਦਾ ਭਾਜਪਾ ਵਿਧਾਇਕ ਸੀ.ਐੱਨ. ਗੁਪਤਾ ਨੇ ਹਰਾਇਆ। ਮੰਡਲ ਕਮਿਸ਼ਨ ਦੀ ਰਿਪੋਰਟ ਲਿਖਣ ਵਾਲੇ ਬੀ.ਪੀ. ਮੰਡਲ ਦੇ ਪੋਤਰੇ ਨਿਖਿਲ ਮੰਡਲ, ਜੋ ਜੇਡੀ (ਯੂ) ਵਲੋਂ ਚੋਣ ਲੜੇ, ਨੂੰ ਆਰਜੇਡੀ ਦੇ ਚੰਦਰਸ਼ੇਖਰ ਨੇ ਮਾਧੇਪੁਰਾ ਸੀਟ ਤੋਂ ਹਰਾਇਆ। ਸਾਬਕਾ ਮੁੱਖ ਮੰਤਰੀ ਦਰੋਗਾ ਪ੍ਰਸਾਦ ਰਾਏ ਦੇ ਪੁੱਤਰ ਚੰਦਰਿਕਾ ਰੌਏ, ਜੋ ਤੇਜਪ੍ਰਤਾਪ ਸਿੰਘ ਯਾਦਵ ਤੋਂ ਵੱਖ ਹੋਈ ਪਤਨੀ ਐਸ਼ਵਰਿਆ ਰੌਏ ਦਾ ਪਿਤਾ ਹੈ, ਜੇਡੀ (ਯੂ) ਦੀ ਟਿਕਟ ਤੋਂ ਪਰਸਾ ਹਲਕੇ ਤੋਂ ਚੋਣ ਹਾਰ ਗਏ।
ਇਸ ਤੋਂ ਇਲਾਵਾ, ਜੋਕੀਹਾਟ ਸੀਟ ਤੋਂ ਸਾਬਕਾ ਕੇਂਦਰੀ ਮੰਤਰੀ ਮੁਹੰਮਦ ਤਸਲੀਮੂਦੀਨ ਦੇ ਦੋ ਪੁੱਤਰਾਂ ਵਿਚਾਲੇ ਮੁਕਾਬਲੇ ਵਿੱਚ ਓਵਾਇਸੀ ਦੀ ਪਾਰਟੀ ਏਆਈਐੱਮਆਈਐੱਮ ਵਲੋਂ ਚੋਣ ਲੜੇ ਮੁਹੰਮਦ ਸ਼ਾਹਨਵਾਜ਼ ਨੇ ਆਪਣੇ ਵੱਡੇ ਭਰਾ ਸਰਫ਼ਰਾਜ਼ ਆਲਮ (ਆਰਜੇਡੀ) ਨੂੰ 17 ਹਜ਼ਾਰ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਹਰਾਇਆ।
ਲਾਲੂ ਯਾਦਵ ਦਾ ਰਿਸ਼ਤੇਦਾਰ ਸਾਧੂ ਯਾਦਵ, ਜੋ ਬਸਪਾ ਵਲੋਂ ਚੋਣ ਲੜਿਆ, ਗੋਪਾਲਗੰਜ ਸੀਟ ਤੋਂ ਭਾਜਪਾ ਦੇ ਸੁਭਾਸ਼ ਸਿੰਘ ਤੋਂ 36 ਹਜ਼ਾਰ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਹਾਰਿਆ। ਸਾਬਕਾ ਕੇਂਦਰੀ ਮੰਤਰੀ ਰਾਮਲਖਨ ਸਿੰਘ ਯਾਦਵ ਦਾ ਪੋਤਰਾ ਜਯਵਰਧਨ ਯਾਦਵ (ਜੇਡੀਯੂ) ਪਾਲੀਗੰਜ ਹਲਕੇ ਤੋਂ ਸੀਪੀਆਈ-ਐੱਮਐੱਲ ਦੇ ਸੰਦੀਪ ਸੌਰਭ ਤੋਂ ਹਾਰ ਗਿਆ। ਹਿੰਦੋਸਤਾਨੀ ਅਵਾਮ ਮੋਰਚਾ ਦੇ ਪ੍ਰਧਾਨ ਜੀਤਨ ਰਾਮ ਮਾਂਝੀ ਨੇ ਇਮਾਮਗੰਜ ਸੀਟ ਜਿੱਤ ਲਈ ਪ੍ਰੰਤੂ ਊਨ੍ਹਾਂ ਦਾ ਜਵਾਈ ਦਵੇਂਦਰ ਕੁਮਾਰ ਮਖਦੂਮਪੁਰ ਸੀਟ ਤੋਂ ਆਰਜੇਡੀ ਦੇ ਸਤੀਸ਼ ਕੁਮਾਰ ਤੋਂ ਚੋਣ ਹਾਰ ਗਿਆ। -ਪੀਟੀਆਈ
7 ਲੱਖ ਤੋਂ ਵੱਧ ਵੋਟਰਾਂ ਨੇ ਦੱਬਿਆ ‘ਨੋਟਾ’ ਬਟਨ
ਨਵੀਂ ਦਿੱਲੀ: ਚੋਣ ਕਮਿਸ਼ਨ ਮੁਤਾਬਕ ਬਿਹਾਰ ਵਿਧਾਨ ਸਭਾ ਚੋਣਾਂ ਦੌਰਾਨ 7 ਲੱਖ ਤੋਂ ਵੱਧ ਵੋਟਰਾਂ ਵੱਲੋਂ ‘ਨੋਟਾ’ (ਉਕਤ ਵਿੱਚੋਂ ਕੋਈ ਨਹੀਂ) ਵਾਲਾ ਬਟਨ ਦਬਾਇਆ ਗਿਆ ਹੈ। ਚੋਣ ਕਮਿਸ਼ਨ ਵੱਲੋਂ ਜਾਰੀ ਅੰਕੜਿਆਂ ਅਨੁਸਾਰ 7,06,252 ਜਾਂ 1.7 ਫ਼ੀਸਦੀ ਵੋਟਰਾਂ ਵੱਲੋਂ ਆਪਣੇ ਲੋਕਤੰਤਰੀ ਅਧਿਕਾਰ ਦੀ ਵਰਤੋਂ ਕਰਦਿਆਂ ਕਿਸੇ ਵੀ ਉਮੀਦਵਾਰ ਨੂੰ ਵੋਟ ਨਾ ਪਾਉਣ ਵਾਲਾ ਬਟਨ (ਨੋਟਾ) ਦਬਾਇਆ ਗਿਆ। ਸੂਬੇ ਅੰਦਰ ਤਿੰਨ ਗੇੜਾਂ ’ਚ ਹੋਈਆਂ ਚੋਣਾਂ ਦੌਰਾਨ 4 ਕਰੋੜ ਵੋਟਾਂ ਪਈਆਂ। ਲੱਗਪਗ 7.3 ਕਰੋੜ ਵੋਟਰਾਂ ਵਿੱਚੋਂ 57.09 ਫ਼ੀਸਦੀ ਵੋਟਰਾਂ ਵੱਲੋਂ ਵੋਟਾਂ ਪਾਈਆਂ ਗਈਆਂ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਦੇ ਹੁਕਮਾਂ ਮਗਰੋਂ ਚੋਣ ਕਮਿਸ਼ਨ ਵੱਲੋਂ ਇਲੈੱਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐੱਮਜ਼) ਵਿੱਚ ‘ਨੋਟਾ’ ਬਟਨ 2013 ’ਚ ਸ਼ਾਮਲ ਕੀਤਾ ਗਿਆ ਸੀ। -ਪੀਟੀਆਈ