ਔਰੰਗਾਬਾਦ: ਬਿਹਾਰ ਵਿਚ ਪੰਚਾਇਤ ਚੋਣਾਂ ’ਚ ਹਾਰੇ ਇਕ ਉਮੀਦਵਾਰ ਨੂੰ ਪਿੰਡ ਦੇ ਕੁਝ ਦਲਿਤਾਂ ਨਾਲ ਬੇਰਹਿਮ ਵਿਹਾਰ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਆਪਣੀ ਹਾਰ ਲਈ ਉਹ ਉਨ੍ਹਾਂ ਨੂੰ ਜ਼ਿੰਮੇਵਾਰ ਠਹਿਰਾ ਰਿਹਾ ਸੀ। ਮਾਮਲਾ ਅੰਬਾ ਪੁਲੀਸ ਥਾਣੇ ਨਾਲ ਜੁੜਿਆ ਹੋਇਆ ਹੈ ਜਿੱਥੇ ਮੁਲਜ਼ਮ ਬਲਵੰਤ ਸਿੰਘ ਨੇ ਦੁਮਰੀ ਪੰਚਾਇਤ ਵਿਚ ‘ਮੁਖੀਆ’ ਦੇ ਅਹੁਦੇ ਲਈ ਚੋਣ ਲੜੀ ਤੇ ਹਾਰ ਗਿਆ। ਇਸ ਮਾਮਲੇ ਦੀ ਇਕ ਵੀਡੀਓ ਵਾਇਰਲ ਹੈ ਜਿਸ ਵਿਚ ਮੁਲਜ਼ਮ ਕੁਝ ਲੋਕਾਂ ਨੂੰ ਥੁੱਕ ਚੱਟਣ ਲਈ ਮਜਬੂਰ ਕਰ ਰਿਹਾ ਹੈ। ਉਹ ਉਨ੍ਹਾਂ ਨੂੰ ਜੁੱਤੀਆਂ ਨਾਲ ਕੁੱਟ ਰਿਹਾ ਹੈ ਤੇ ਜਾਤੀ ਸੂਚਕ ਟਿੱਪਣੀਆਂ ਕਰ ਰਿਹਾ ਹੈ। ਪੁਲੀਸ ਨੇ ਕਿਹਾ ਕਿ ਵੀਡੀਓ ਦੀ ਪੁਸ਼ਟੀ ਕੀਤੀ ਜਾ ਰਹੀ ਹੈ ਜਿਸ ਵਿਚ ਮੁਲਜ਼ਮ ਕਹਿ ਰਿਹਾ ਹੈ ਕਿ ‘ਤੁਸੀਂ ਸਾਰਿਆਂ ਨੇ ਮੇਰੀ ਦਿੱਤੀ ਸ਼ਰਾਬ ਪੀ ਲਈ ਤੇ ਵੋਟ ਮੈਨੂੰ ਪਾਈ ਨਹੀਂ।’ ਮੁਲਜ਼ਮ ਨੇ ਦਾਅਵਾ ਕੀਤਾ ਹੈ ਕਿ ਉਹ ਪਿੰਡ ਵਾਸੀਆਂ ਨੂੰ ਸ਼ਰਾਬ ਪੀ ਕੇ ਹੰਗਾਮਾ ਕਰਨ ਉਤੇ ‘ਸਜ਼ਾ ਦੇ ਰਿਹਾ ਸੀ।’ -ਪੀਟੀਆਈ