ਪਟਨਾ, 13 ਸਤੰਬਰ
ਬਿਹਾਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੈਟਰੋਲੀਅਮ ਸੈਕਟਰ ਦੇ ਤਿੰਨ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਜਿੱਥੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਰੱਜ ਕੇ ਸ਼ਲਾਘਾ ਕੀਤੀ ਉੱਥੇ ਹੀ ਬਿਹਾਰ ਨੂੰ ਪ੍ਰਤਿਭਾ ਦਾ ‘ਪਾਵਰਹਾਊਸ’ ਕਰਾਰ ਦਿੱਤਾ। ਸ੍ਰੀ ਮੋਦੀ ਵੱਲੋਂ ਕੌਮੀ ਜਮਹੂਰੀ ਗੱਠਜੋੜ ਦੇ ਆਪਣੇ ਭਾਈਵਾਲ ਨਿਤੀਸ਼ ਕੁਮਾਰ ਦੀ ਇਹ ਤਾਰੀਫ਼ ਅਕਤੂਬਰ-ਨਵੰਬਰ ਵਿੱਚ ਹੋਣ ਵਾਲੀਆਂ ਬਿਹਾਰ ਵਿਧਾਨ ਸਭਾ ਚੋਣਾਂ ਤੋਂ ਕੁਝ ਕੁ ਹਫ਼ਤੇ ਪਹਿਲਾਂ ਕਰੀਬ 900 ਕਰੋੜ ਰੁਪਏ ਦੇ ਪੈਟਰੋਲੀਅਮ ਪ੍ਰਾਜੈਕਟ ਵੀਡੀਓ ਕਾਨਫ਼ਰੰਸਿੰਗ ਰਾਹੀਂ ਲੋਕ ਅਰਪਣ ਕਰਦਿਆਂ ਕੀਤੀ ਗਈ। ਇਨ੍ਹਾਂ ਪ੍ਰਾਜੈਕਟਾਂ ਵਿੱਚ ਇਕ ਗੈਸ ਪਾਈਪਲਾਈਨ ਵੀ ਸ਼ਾਮਲ ਹੈ ਜਿਸ ਨੂੰ ਪੱਛਮੀ ਬੰਗਾਲ ਦੇ ਦੁਰਗਾਪੁਰ ਤੋਂ ਬਿਹਾਰ ’ਚ ਪੈਂਦੇ ਬਾਂਕਾ ਤੱਕ ਵਧਾਇਆ ਗਿਆ ਹੈ। ਇਸ ਤੋਂ ਇਲਾਵਾ ਬਾਂਕਾ ਤੇ ਚੰਪਾਰਨ ਜ਼ਿਲ੍ਹਿਆਂ ਦੇ ਦੋ ਬੌਟਲਿੰਗ ਪਲਾਂਟ ਸ਼ਾਮਲ ਹਨ। ਸ੍ਰੀ ਮੋਦੀ ਨੇ ਕਿਹਾ, ‘‘ਕਰੀਬ ਡੇਢ ਸਾਲ ਪਹਿਲਾਂ ਮੈਨੂੰ ਹੀ ਇਸ ਗੈਸ ਪਾਈਪਲਾਈਨ ਨੂੰ ਵਧਾਉਣ ਦਾ ਕੰਮ ਸ਼ੁਰੂ ਕਰਵਾਉਣ ਦਾ ਮੌਕਾ ਮਿਲਿਆ ਸੀ ਤੇ ਮੈਂ ਇਸ ਨੂੰ ਪੂਰਾ ਹੋਇਆ ਦੇਖ ਕੇ ਖੁਸ਼ ਹਾਂ। ਦੇਸ਼ ਤੇ ਬਿਹਾਰ ਉਸ ਦੌਰ ’ਚੋਂ ਬਾਹਰ ਆ ਗਏ ਹਨ ਜਦੋਂ ਇਕ ਪੀੜ੍ਹੀ ਕੰਮ ਸ਼ੁਰੂ ਹੁੰਦੇ ਦੇਖਦੀ ਸੀ ਤੇ ਦੂਜੀ ਪੀੜ੍ਹੀ ਉਸ ਨੂੰ ਪੂਰਾ ਹੁੰਦੇ। ਨਿਤੀਸ਼ ਜੀ ਨੇ ਰਾਜ ਵਿੱਚ ਇਹ ਬਦਲਾਅ ਲਿਆਉਣ ’ਚ ਅਹਿਮ ਰੋਲ ਅਦਾ ਕੀਤਾ ਹੈ।’’ ਸ੍ਰੀ ਮੋਦੀ ਨੇ ਕਿਹਾ ਕਿ ਗੈਸ ਪਾਈਪਲਾਈਨ ਪ੍ਰਾਜੈਕਟ ਨਾਲ ਬਿਹਾਰ ਵਿੱਚ ਬਿਜਲੀ ਤੇ ਸਟੀਲ ਕਾਰੋਬਾਰਾਂ ਨੂੰ ਬੜ੍ਹਾਵਾ ਮਿਲੇਗਾ ਅਤੇ ਸੀਐੱਨਜੀ ਆਧਾਰਤ ਸਾਫ਼ ਆਵਾਜਾਈ ਪ੍ਰਣਾਲੀ ਦਾ ਲਾਭ ਵੀ ਮਿਲ ਸਕੇਗਾ। ਇਸ ਤੋਂ ਇਲਾਵਾ ਰੁਜ਼ਗਾਰ ਦੇ ਮੌਕੇ ਵੀ ਵਧਣਗੇ। -ਪੀਟੀਆਈ