ਪਟਨਾ, 1 ਜੂਨ
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਿਹਾ ਹੈ ਕਿ ਸੂਬੇ ਵਿੱਚ ਜਾਤੀ ਅਧਾਰਤ ਜਨਗਣਨਾ ਕਰਵਾਈ ਜਾਵੇਗੀ। ਸਰਬਪਾਰਟੀ ਮੀਟਿੰਗ ਵਿੱਚ ਜਿਹੜੀ ਗੱਲਬਾਤ ਹੋਈ ਹੈ ਇਸੇ ਦੇ ਆਧਾਰ ’ਤੇ ਜਲਦੀ ਹੀ ਕੈਬਨਿਟ ਦਾ ਫੈਸਲਾ ਹੋਵੇਗਾ। ਮੁੱਖ ਮੰਤਰੀ ਸਕੱਤਰੇਤ ਸਥਿਤ ‘ਸੰਵਾਦ’ ਵਿੱਚ ਜਾਤੀ ਅਧਾਰਤ ਜਨਗਣਨਾ ਕਰਵਾਉਣ ਦੇ ਮੁੱਦੇ ਹੋਈ ਸਰਬਪਾਰਟੀ ਮੀਟਿੰਗ ਮਗਰੋਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਨਿਤੀਸ਼ ਕੁਮਾਰ ਨੇ ਕਿਹਾ ਕਿ ਅੱਜ ਸਰਵਸੰਮਤੀ ਨਾਲ ਇਹ ਫੈਸਲਾ ਕੀਤਾ ਗਿਆ ਹੈ ਕਿ ਬਿਹਾਰ ਵਿੱਚ ਜਾਤੀ ਅਧਾਰਤ ਜਨਗਣਨਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਰੇ ਲੋਕ ਭਾਵੇਂ ਕਿਸੇ ਵੀ ਜਾਤੀ ਜਾਂ ਧਰਮ ਦੇ ਹੋਣ, ਇਸ ਤਹਿਤ ਪੂਰਾ ਮੁਲਾਂਕਣ ਕੀਤਾ ਜਾਵੇਗਾ ਅਤੇ ਇਸ ਲਈ ਵੱਡੇ ਪੈਮਾਨੇ ’ਤੇ ਅਤੇ ਤੇਜ਼ੀ ਨਾਲ ਕੰਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਲਈ ਸੂਬਾ ਸਰਕਾਰ ਵੱਲੋਂ ਹਰ ਸੰਭਵ ਮਦਦ ਦਿੱਤੀ ਜਾਵੇਗੀ, ਜਨਗਣਨਾ ਕਰਨ ਵਾਲੇ ਲੋਕਾਂ ਨੂੰ ਟਰੇਨਿੰਗ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅੱਜ ਜੋ ਗੱਲਬਾਤ ਹੋਈ ਹੈ ਇਸੇ ਦੇ ਆਧਾਰ ’ਤੇ ਬਹੁਤ ਜਲਦੀ ਹੀ ਕੈਬਨਿਟ ਦਾ ਫ਼ੈਸਲਾ ਹੋਵੇਗਾ। ਇਸ ਮੌਕੇ ਉਨ੍ਹਾਂ ਨਾਲ ਰਾਸ਼ਟਰੀ ਜਨਤਾ ਦਲ ਦੇ ਨੇਤਾ ਤੇਜਸਵੀ ਯਾਦਵ ਵੀ ਹਾਜ਼ਰ ਸਨ।