ਪਟਨਾ, 20 ਅਕਤੂਬਰ
ਅਗਾਮੀ ਬਿਹਾਰ ਅਸੈਂਬਲੀ ਚੋਣਾਂ ਸੂਬੇ ਦੀ ਸਿਆਸਤ ਵਿੱਚ ਪਿਛਲੇ ਲੰਮੇ ਸਮੇਂ ਤੋਂ ਸਰਗਰਮ ਦੋ ਪਰਿਵਾਰਾਂ- (ਲਾਲੂ) ਪ੍ਰਸਾਦ ਤੇ (ਰਾਮ ਵਿਲਾਸ) ਪਾਸਵਾਨ ਦੀਆਂ ਸੰਤਾਨਾਂ ਲਈ ਇਹ ਚੋਣ ਲੜਾਈ ਆਪੋ-ਆਪਣੇ ਪਿਤਾ ਦੀ ਵਿਰਾਸਤ ਨੂੰ ਸੁਰੱਖਿਅਤ ਤੇ ਸੰਭਾਲ ਕੇ ਰੱਖਣ ਦੀ ਹੋਵੇਗੀ। ਰਾਸ਼ਟਰੀ ਜਨਤਾ ਦਲ ਦੇ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਦਾ ਛੋਟਾ ਪੁੱਤਰ ਤੇਜਸਵੀ ਯਾਦਵ ਮਹਾਗੱਠਜੋੜ ਦੀ ਸਰਕਾਰ ਵਿੱਚ ਦੋ ਕੁ ਸਾਲ ਸੂਬੇ ਦਾ ਉਪ ਮੁੱਖ ਮੰਤਰੀ ਰਿਹਾ ਹੈ। ਐਤਕੀਂ ਉਸ ਨੂੰ ਕ੍ਰਿਸ਼ਮਾਈ ਖਿੱਚ ਵਾਲੇ ਆਪਣੇ ਪਿਤਾ ਦੀ ਗੈਰਮੌਜੂਦਗੀ ਵਿੱਚ ਚੋਣ ਮੈਦਾਨ ਵਿੱਚ ਨਿੱਤਰਨਾ ਪੇੈ ਰਿਹਾ ਹੈ। ਉਧਰ ਚਿਰਾਗ ਪਾਸਵਾਨ, ਜਿਸ ਨੂੰ ਉਸ ਦੇ ਪਿਤਾ ਰਾਮ ਵਿਲਾਸ ਪਾਸਵਾਨ (ਜੋ ਅਜੇ ਕੁਝ ਦਿਨ ਪਹਿਲਾਂ ਅਕਾਲ ਚਲਾਣਾ ਕਰ ਗਏ ਹਨ) ਨੇ ਲੋਕ ਜਨਸ਼ਕਤੀ ਪਾਰਟੀ (ਐੱਲਜੇਪੀ) ਦੀ ਕਮਾਨ ਸੌਂਪੀ ਹੈ, ਨੂੰ ਵੀ ਆਪਣੇ ਪਿਤਾ ਤੇ ਬਿਨਾਂ ਸ਼ੱਕ ਕੌਮੀ ਅਪੀਲ ਵਾਲੇ ਦਲਿਤ ਆਗੂ ਦੀ ਵਿਵੇਕ ਤੇ ਸਿਆਣਪ ਵਾਲੀ ਸਲਾਹ ਤੋਂ ਬਿਨਾਂ ਹੀ ਚੋਣ ਮੈਦਾਨ ਵਿੱਚ ਇਕੱਲਿਆਂ ਹੀ ਵਾਹੀ ਕਰਨੀ ਹੋਵੇਗੀ। ਜਮੂਈ ਤੋਂ ਮੌਜੂਦਾ ਲੋਕ ਸਭਾ ਮੈਂਬਰ ਚਿਰਾਗ ਨੂੰ ਵੀ ਆਪਣੇ ਪਿਤਾ ਦੀ ਵਿਰਾਸਤ ਨੂੰ ਅੱਗੇ ਤੋਰਨ ਦੀ ਵੱਡੀ ਚੁਣੌਤੀ ਦਰਪੇਸ਼ ਹੈ। ਸਿਆਸੀ ਵੱਖਰੇਵਿਆਂ ਦੇ ਬਾਵਜੂਦ ਚਿਰਾਗ ਦੇ ਪਿਤਾ ਰਾਮ ਵਿਲਾਸ ਪਾਸਵਾਨ ਦੇ ਲਗਪਗ ਹਰ ਪਾਰਟੀ ’ਚ ਦੋਸਤ ਮਿੱਤਰ ਸਨ, ਪਰ ਚਿਰਾਗ ਇਸ ਵੇਲੇ ਇਕੱਲਾ ਕਾਰਾ ਜਾਪ ਰਿਹਾ ਹੈ। ਚਿਰਾਗ ਨੇ ਜਦੋਂ ਬਿਹਾਰ ਵਿੱਚ ਐੱਨਡੀਏ ’ਚੋਂ ਲਾਂਭੇ ਹੋਣ ਦਾ ਐਲਾਨ ਕੀਤਾ ਤਾਂ ਉਸ ਵੇਲੇ ਪਾਸਵਾਨ ਹਸਪਤਾਲ ਦੇ ਬਿਸਤਰੇ ’ਤੇ ਆਖਰੀ ਘੜੀਆਂ ਗਿਣ ਰਿਹਾ ਸੀ। ਜੇਡੀਯੂ ਦੇ ਪ੍ਰਧਾਨ ਤੇ ਸੱਤਾਧਾਰੀ ਗੱਠਜੋੜ ਦੇ ਮੁੱਖ ਮੰਤਰੀ ਉਮੀਦਵਾਰ ਨਿਤੀਸ਼ ਕੁਮਾਰ ਵੱਲੋਂ ਲਗਾਤਾਰ ਚਿਰਾਗ ਨੂੰ ਨਿਸ਼ਾਨਾ ਬਣਾਇਆ ਜਾ ਰਿਹੈ। ਚਿਰਾਗ ਨੇ ਐੱਨਡੀਏ ਛੱਡ ਦਿੱਤਾ, ਪਰ ਉਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਤੀ ਆਪਣੀ ਵਫ਼ਾਦਾਰੀ ਦੇ ਸੋਹਲੇ ਗਾਉਣੇ ਬੰਦ ਨਹੀਂ ਕੀਤੇ। ਉਹ ਖ਼ੁਦ ਨੂੰ ਮੋਦੀ ਦਾ ‘ਹਨੂੰਮਾਨ’ ਦੱਸਦਾ ਹੈ। ਅੱਜ ਕੁਤੁੰਬਾ ਿਵਧਾਨ ਸਭਾ ਹਲਕੇ ’ਚ ਰੈਲੀ ਦੌਰਾਨ ਇਕ ਅਪਾਹਜ ਵਿਅਕਤੀ ਨੇ ਤੇਜਸਵੀ ਯਾਦਵ ਵੱਲ ਸਲਿੱਪਰ ਸੁੱਟਿਆ ਜੋ ਉਨ੍ਹਾਂ ਦੇ ਨਹੀਂ ਲੱਗਿਆ। -ਪੀਟੀਆਈ