ਪਟਨਾ, 30 ਸਤੰਬਰ
ਸਾਬਕਾ ਕੇਂਦਰੀ ਮੰਤਰੀ ਉਪੇਂਦਰ ਕੁਸ਼ਵਾਹਾ ਦੀ ਰਾਸ਼ਟਰੀ ਲੋਕ ਸਮਤਾ ਪਾਰਟੀ (ਆਰਐੱਲਐੱਸਪੀ) ਨੇ ਬਿਹਾਰ ਚੋਣਾਂ ਦੇ ਮੱਦੇਨਜ਼ਰ ਐੱਨਡੀਏ ਅਤੇ ਆਰਜੇਡੀ ਵੱਲੋਂ ਗੱਠਜੋੜ ਤੋਂ ਇਨਕਾਰ ਕੀਤੇ ਜਾਣ ਮਗਰੋਂ ਮਾਇਆਵਤੀ ਦੀ ਬਹੁਜਨ ਸਮਾਜ ਪਾਰਟੀ ਨਾਲ ਗੱਠਜੋੜ ਕੀਤਾ ਹੈ। ਦੂਜੇ ਪਾਸੇ ਇਸ ਗੱਠਜੋੜ ਨੂੰ ‘ਵਿਨਾਸ਼ਾਕਾਰੀ’ ਦੱਸਦਿਆਂ ਅੱਜ ਆਰਐੱਲਐੱਸਪੀ ਦੇ ਮੁੱਖ ਆਗੂ ਮਾਧਵ ਆਨੰਦ ਨੇ ਅਸਤੀਫ਼ਾ ਦੇ ਦਿੱਤਾ ਹੈ।
ਰਾਸ਼ਟਰੀ ਲੋਕ ਸਮਤਾ ਪਾਰਟੀ ਵੱਲੋਂ ਬਸਪਾ ਅਤੇ ਜਨਤਾਂਤਰਿਕ ਪਾਰਟੀ (ਸੋਸ਼ਲਿਸਟ) ਨਾਲ ਗੱਠਜੋੜ ਦੇ ਐਲਾਨ ਮੌਕੇ ਮਾਧਵ ਆਨੰਦ (38), ਪਾਰਟੀ ਮੁਖੀ ਸ੍ਰੀ ਕੁਸ਼ਵਾਹਾ ਦੇ ਨਾਲ ਹੀ ਬੈਠੇ ਹੋਏ ਸਨ। ਇਸੇ ਦੌਰਾਨ ਲਖਨਊ ’ਚ ਦੇਰ ਸ਼ਾਮ ਬਸਪਾ ਮੁਖੀ ਮਾਇਆਵਤੀ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਪਾਰਟੀ ਸ੍ਰੀ ਕੁਸ਼ਵਾਹਾ ਨੂੰ ਮੁੱਖ ਮੰਤਰੀ ਦੇ ਉਮੀਦਵਾਰ ਵਜੋਂ ਸਮਰਥਨ ਦੇਵੇਗੀ।
ਪਾਰਟੀ ਦੇ ਕੌਮੀ ਜਨਰਲ ਸਕੱਤਰ ਅਤੇ ਮੁੱਖ ਬੁਲਾਰੇ ਮਾਧਵ ਆਨੰਦ ਆਪਣੇ ਸਾਰੇ ਅਹੁਦਿਆਂ ਤੇ ਪਾਰਟੀ ਦੀ ਮੁੱਢਲੀ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦਿੰਦਿਆਂ ਕਿਹਾ ਕਿ ਪਾਰਟੀ ਨੇ ‘ਤਰਕਹੀਣ’ ਕਦਮ ਚੁੱਕ ਕੇ ‘ਹੋਂਦ ਖ਼ਤਮ’ ਕਰਨ ਵਾਲਾ ਕਦਮ ਚੁੱਕਿਆ ਹੈ। ਇਸ ਤੋਂ ਦੋ ਦਿਨ ਪਹਿਲਾਂ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਥਾਪਕ ਮੈਂਬਰ ਭੂਦੇਵ ਚੌਧਰੀ ਨੇ ਵੀ ਅਸਤੀਫ਼ਾ ਦੇ ਦਿੱਤਾ ਸੀ। -ਪੀਟੀਆਈ
ਕਾਂਗਰਸ ਸੀਟਾਂ ਦੀ ਵੰਡ ਬਾਰੇ ਗੱਲਬਾਤ ਕਰੇਗੀ
ਨਵੀਂ ਦਿੱਲੀ: ਕਾਂਗਰਸ ਨੇ ਬਿਹਾਰ ਵਿਧਾਨ ਸਭਾ ਚੋਣਾਂ ’ਚ ਆਪਣੇ ਸਹਿਯੋੋਗੀਆਂ ਨਾਲ ਸੀਟਾਂ ਦੀ ਵੰਡ ਬਾਰੇ ਫਾਰਮੂਲੇ ’ਤੇ ਗੱਲਬਾਤ ਸਬੰਧੀ ਆਪਣੇ ਨੇਤਾਵਾਂ ਨੂੰ ਬਿਹਾਰ ਤੋਂ ਦਿੱਲੀ ਸੱਦਿਆ ਹੈ। ਸੂਤਰਾਂ ਮੁਤਾਬਕ ਆਰਐੱਲਐੱਸਪੀ ਨਾਲ ਤੋੜ-ਵਿਛੋੜੇ ਮਗਰੋਂ ਕਾਂਗਰਸ ਦੀ ਪਹਿਲਾਂ ਹੀ ਰਾਸ਼ਟਰੀ ਜਨਤਾ ਦਲ (ਆਰਜੇਡੀ) ਨਾਲ ਨਾਰਾਜ਼ ਹੈ, ਕਿਉਂਕਿ ਆਰਜੇਡੀ ਸਹਿਯੋਗੀ ਦਲਾਂ ਨੂੰ ਵੱਧ ਸੀਟਾਂ ਨਹੀਂ ਦੇ ਰਿਹਾ। ਆਰਜੇਡੀ ਵੱਲੋਂ ਕਾਂਗਰਸ ਨੂੰ ਸਿਰਫ਼ 58 ਸੀਟਾਂ ਦੀ ਪੇਸ਼ ਕੀਤੀ ਜਾ ਰਹੀ ਹੈ ਜਦਕਿ ਕਾਂਗਰਸ 70 ਸੀਟਾਂ ਚਾਹੁੰਦੀ ਹੈ। ਆਰਜੇਡੀ ਦੇ ਰਾਜ ਸਭਾ ਮੈਂਬਰ ਮਨੋਜ ਝਾਅ ਨੇ ਕਿਹਾ, ‘ਹੁਣ ਤੱਕ ਸਾਨੂੰ ਸੀਟ ਵੰਡ ਦਾ ਫਾਰਮੂਲਾ ਪੂਰਾ ਕਰ ਲੈਣਾ ਚਾਹੀਦਾ ਸੀ। -ਆਈਏਐੱਨਐੱਸ
ਭਾਜਪਾ ਨੇ ਫੜਨਵੀਸ ਨੂੰ ਚੋਣ ਇੰਚਾਰਜ ਲਾਇਆ
ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਨੇ ਅੱਜ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਅਗਾਮੀ ਬਿਹਾਰ ਵਿਧਾਨ ਸਭਾ ਚੋਣਾਂ ਲਈ ਇੰਚਾਰਜ ਨਿਯੁਕਤ ਕੀਤਾ ਹੈ। ਭਾਜਪਾ ਨੇਤਾ ਅਰੁਣ ਸਿੰਘ ਨੇ ਦੱਸਿਆ ਕਿ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਵੱਲੋਂ ਪ੍ਰਵਾਨਗੀ ਦੇਣ ਮਗਰੋਂ ਤੁਰੰਤ ਪ੍ਰਭਾਵ ਨਾਲ ਇਹ ਨਿਯੁਕਤੀ ਕਰ ਦਿੱਤੀ ਗਈ। ਬੌਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ, ਜੋ ਕਿ ਬਿਹਾਰ ਦਾ ਵਸਨੀਕ ਸੀ, ਦੀ ਮੌਤ ਮਾਮਲਾ ਬਿਹਾਰ ਚੋਣਾਂ ’ਚ ਮੁੱਖ ਮੁੱਦਾ ਬਣਿਆ ਹੈ ਅਤੇ ਫੜਨਵੀਸ ਨੇੇ ਸੁਸ਼ਾਂਤ ਰਾਜਪੂਤ ਨੂੰ ਬਿਹਾਰ ਦਾ ਪੁੱਤਰ ਦੱਸਦਿਆਂ ਕਿਹਾ ਸੀ ਕਿ ਦੇਸ਼ ਦੀ ਜਨਤਾ ਮਰਹੂਮ ਅਦਾਕਾਰ ਲਈ ਨਿਆਂ ਚਾਹੁੰਦੀ ਹੈ ਅਤੇ ਭਾਜਪਾ ਨਿਆਂ ਯਕੀਨੀ ਬਣਾਏਗੀ। ਦੇਵੇਂਦਰ ਫੜਨਵੀਸ ਬਿਹਾਰ ਚੋਣਾਂ ਸਬੰਧੀ ਸਾਰੀਆਂ ਵਰਚੂਅਲ ਮੀਟਿੰਗਾਂ ’ਚ ਸ਼ਾਮਲ ਹੁੰਦੇ ਰਹੇ ਹਨ ਅਤੇ ਉਨ੍ਹਾਂ ਨੇ ਹਾਲ ’ਚ ਬਿਹਾਰ ਦਾ ਦੌਰਾ ਵੀ ਕੀਤਾ ਸੀ। -ਆਈਏਐੱਨਐੱਸ