ਪਟਨਾ, 8 ਅਕਤੂਬਰ
ਸੱਤਾਧਾਰੀ ਜਨਤਾ ਦਲ (ਯੂਨਾਈਟਿਡ) ਵੱਲੋਂ ਐਤਕੀਂ ਬਿਹਾਰ ਅਸੈਂਬਲੀ ਚੋਣਾਂ ਵਿੱਚ ਉਤਾਰੇ ਉਮੀਦਵਾਰਾਂ ’ਚੋਂ 20 ਫੀਸਦ ਦੇ ਕਰੀਬ ਮਹਿਲਾਵਾਂ ਹਨ। ਜੇਡੀਯੂ ਦਾ ਇਹ ਫੈਸਲਾ ਮੁੱਖ ਮੰਤਰੀ ਨਿਤੀਸ਼ ਕੁਮਾਰ ਵੱਲੋਂ ਮਹਿਲਾਵਾਂ ਨੂੰ ਵਧੇਰੇ ਸਸ਼ਕਤ ਬਣਾਉਣ ਲਈ ਕੀਤੇ ਜਾਣ ਵਾਲੇ ਉਪਰਾਲਿਆਂ ਦੀ ਦਿਸ਼ਾ ’ਚ ਚੁੱਕਿਆ ਕਦਮ ਹੈ। ਬਿਹਾਰ ਅਸੈਂਬਲੀ ਦੀਆਂ 243 ਸੀਟਾਂ ਦੀ ਵੰਡ ਨੂੰ ਲੈ ਕੇ ਬਣੇ ਫਾਰਮੂਲੇ ਤਹਿਤ ਜੇਡੀਯੂ ਦੇ ਹਿੱਸੇ 122 ਸੀਟਾਂ ਆਈਆਂ ਹਨ। ਆਪਣੇ ਕੋਟੇ ਦੀਆਂ ਇਨ੍ਹਾਂ ਸੀਟਾਂ ’ਚੋਂ ਜੇਡੀਯੂ, ਸਾਬਕਾ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਦੀ ਹਿੰਦੁਸਤਾਨ ਆਵਾਮ ਮੋਰਚਾ (ਐੱਚਏਐੱਮ) ਨੂੰ ਸੱਤ ਸੀਟਾਂ ਦੇਵੇਗੀ। ਬਾਕੀ ਬਚੀਆਂ 115 ਸੀਟਾਂ ’ਚੋਂ 22 ਉੱਤੇ ਮਹਿਲਾ ਉਮੀਦਵਾਰਾਂ ਨੂੰ ਖੜਾਇਆ ਗਿਆ ਹੈ। ਜੇਡੀਯੂ ਵੱਲੋਂ ਚੋਣ ਮੈਦਾਨ ’ਚ ਉਤਾਰੇ ਮਹਿਲਾ ਉਮੀਦਵਾਰਾਂ ’ਚੋਂ ਮੰਜੂ ਵਰਮਾ ਨੂੰ ਬੇਗੂਸਰਾਏ ਜ਼ਿਲ੍ਹੇ ਦੇ ਚੇਰੀਆ ਬਰਿਯਾਰਪੁਰ ਤੋਂ ਟਿਕਟ ਦਿੱਤੀ ਗਈ ਹੈ। ਵਰਮਾ, ਜੋ ਪਿਛਲੇ ਕੁਝ ਸਾਲਾਂ ਤਕ ਸੂਬੇ ਦੀ ਸਮਾਜਿਕ ਭਲਾਈ ਮੰਤਰੀ ਸੀ, ਨੂੰ ਆਪਣੇ ਪਤੀ ਦੇ ਮੁਜ਼ੱਫ਼ਰਪੁਰ ਬਾਲਿਕਾ ਗ੍ਰਹਿ ਜਿਨਸੀ ਕਾਂਡ ਦੇ ਮੁੱਖ ਮੁਲਜ਼ਮ ਬ੍ਰਜੇਸ਼ ਠਾਕੁਰ ਨਾਲ ਨੇੜਲੇ ਸਬੰਧਾਂ ਕਰਕੇ ਅਹੁਦੇ ਤੋਂ ਲਾਂਭੇ ਹੋਣਾ ਪਿਆ ਸੀ। ਕੁਝ ਮਹਿਲਾ ਉਮੀਦਵਾਰ ਅਜਿਹੀਆਂ ਹਨ, ਜਿਨ੍ਹਾਂ ਦੇ ਪਤੀਆਂ ਦਾ ਅਪਰਾਧਿਕ ਪਿਛੋਕੜ ਰਿਹਾ ਹੈ। ਗਯਾ ਜ਼ਿਲ੍ਹੇ ਤੋਂ ਮੌਜੂਦਾ ਐੱਮਐੱਲਸੀ ਮਨੋਰਮਾ ਦੇਵੀ ਦਾ ਮਰਹੂਮ ਪਤੀ ਬਿੰਦੇਸ਼ਵਰੀ ਪ੍ਰਸਾਦ ਮੁਕਾਮੀ ਬਾਹੂਬਲੀ ਸੀ। ਮਨੋਰਮਾ ਦੇਵੀ ਨੂੰ ਗਯਾ ਦੇ ਸ਼ੇਰਘਾਟੀ ਤੋਂ ਉਮੀਦਵਾਰ ਬਣਾਇਆ ਗਿਆ ਹੈ। ਦੁਮਰਾਓਂ ਤੋਂ ਪਾਰਟੀ ਨੇ ਆਪਣੇ ਮੌਜੂਦਾ ਵਿਧਾਇਕ ਨੂੰ ਲਾਂਭੇ ਕਰਦਿਆਂ ਆਪਣੀ ਸੂਬਾਈ ਬੁਲਾਰਾ ਅੰਜੁਮ ਆਰਾ ਨੂੰ ਮੈਦਾਨ ਵਿੱਚ ਉਤਾਰਿਆ ਹੈ। -ਪੀਟੀਆਈ