ਨਵੀਂ ਦਿੱਲੀ/ਪਟਨਾ, 7 ਅਕਤੂਬਰ
ਕੋਵਿਡ-19 ਮਹਾਮਾਰੀ ਦੌਰਾਨ ਬਿਹਾਰ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਮੌਕੇ ਹੋਣ ਵਾਲੇ ਵੱਡੇ ਇਕੱਠਾਂ ਤੋਂ ਚਿੰਤਤ ਚੋਣ ਕਮਿਸ਼ਨ ਨੇ ਮਾਨਤਾ ਪ੍ਰਾਪਤ ਕੌਮੀ ਅਤੇ ਸੂਬਾ ਪਾਰਟੀਆਂ ਲਈ ‘ਸਟਾਰ ਪ੍ਰਚਾਰਕਾਂ’ ਦੀ ਗਿਣਤੀ 40 ਤੋਂ ਘਟਾ ਕੇ 30 ਕਰ ਦਿੱਤੀ ਹੈ। ਗੈਰ-ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਲਈ ਸਟਾਰ ਪ੍ਰਚਾਰਕਾਂ ਦੀ ਗਿਣਤੀ 20 ਤੋਂ ਘਟਾ 15 ਕਰ ਦਿੱਤੀ ਗਈ ਹੈ। ਬਿਹਾਰ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ ਆਪਣੇ 121 ਸੀਟਾਂ ਦੇ ਕੋਟੇ ’ਚੋਂ 11 ਸੀਟਾਂ ਆਪਣੀ ਸਹਿਯੋਗੀ ਭਾਈਵਾਲ ਵਿਕਾਸਸ਼ੀਲ ਇਨਸਾਨ ਪਾਰਟੀ (ਵੀਆਈਪੀ) ਨੂੰ ਅਲਾਟ ਕੀਤੀਆਂ ਹਨ।ਇਸੇ ਦੌਰਾਨ ਬਿਹਾਰ ਤੋਂ ਭਾਜਪਾ ਆਗੂ ਊਸ਼ਾ ਵਿਦਿਆਰਥੀ ਨੇ ਅੱਜ ਲੋਕ ਜਨਸ਼ਕਤੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ। ਇਸ ਤੋਂ ਪਹਿਲਾਂ ਊਨ੍ਹਾਂ ਪਾਰਟੀ ਪ੍ਰਧਾਨ ਚਿਰਾਗ ਪਾਸਵਾਨ ਨਾਲ ਮੁਲਾਕਾਤ ਕੀਤੀ। ਊਸ਼ਾ ਵਿਦਿਆਰਥੀ ਨੂੰ ਪਾਲੀਗੰਜ ਵਿਧਾਨ ਸਭਾ ਸੀਟ ਤੋਂ ਚੋਣ ਮੈਦਾਨ ਵਿੱਚ ਊਤਾਰੇ ਜਾਣ ਦੀ ਸੰਭਾਵਨਾ ਹੈ, ਜਿੱਥੋਂ ਜੇਡੀ(ਯੂ) ਵਲੋਂ ਵੀ ਊਮੀਦਵਾਰ ਚੋਣ ਮੈਦਾਨ ਵਿੱਚ ਊਤਾਰਿਆ ਜਾਵੇਗਾ। -ਪੀਟੀਆਈ