ਪਟਨਾ, 5 ਜੁਲਾਈ
ਕੌਮੀ ਜਮਹੂਰੀ ਗੱਠਜੋੜ ਵੱਲੋਂ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਦਰੋਪਦੀ ਮੁਰਮੂ 18 ਜੁਲਾਈ ਨੂੰ ਹੋਣ ਵਾਲੀ ਚੋਣ ਵਿੱਚ ਹਮਾਇਤ ਜੁਟਾਉਣ ਲਈ ਅੱਜ ਪਟਨਾ ਪੁੱਜੇ, ਜਿੱਥੇ ਉਨ੍ਹਾਂ ਗੱਠਜੋੜ ਦੇ ਸੀਨੀਅਰ ਆਗੂਆਂ ਨਾਲ ਮੁਲਾਕਾਤ ਕੀਤੀ। ਮੁਰਮੂ ਸਵੇਰੇ ਸਵਾ 11 ਵਜੇ ਦੇ ਕਰੀਬ ਪਟਨਾ ਹਵਾਈ ਅੱਡੇ ’ਤੇ ਪੁੱਜੇ। ਉਪ ਮੁੱਖ ਮੰਤਰੀਆਂ ਤਾਰਕਿਸ਼ੋਰ ਪ੍ਰਸਾਦ ਤੇ ਰੇਣੂ ਦੇਵੀ, ਕੇਂਦਰੀ ਮੰਤਰੀ ਨਿੱਤਿਆਨੰਦ ਰਾਏ, ਸੂਬਾਈ ਭਾਜਪਾ ਪ੍ਰਧਾਨ ਸੰਜੈ ਜੈਸਵਾਲ ਤੇ ਹੋਰਨਾਂ ਸੂਬਾਈ ਮੰਤਰੀਆਂ ਨੇ ਜੈ ਪ੍ਰਕਾਸ਼ ਨਰਾਇਣ ਕੌਮਾਂਤਰੀ ਹਵਾਈ ਅੱਡੇ ’ਤੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਸਾਬਕਾ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਵੀ ਹਵਾਈ ਅੱਡੇ ’ਤੇ ਮੌਜੂਦ ਸਨ। ਮੁਰਮੂ ਦੇ ਸਵਾਗਤ ਲਈ ਹਵਾਈ ਅੱਡਾ ਅਹਾਤਾ ਫੁੱਲਾਂ ਨਾਲ ਸੱਜਿਆ ਹੋਇਆ ਸੀ ਜਦੋਂਕਿ ਭਾਜਪਾ ਵਰਕਰਾਂ ਨੇ ਸੜਕ ਦੇ ਦੋਵੇਂ ਪਾਸੇ ਖੜ੍ਹ ਕੇ ਝੰਡਿਆਂ ਨਾਲ ਉਨ੍ਹਾਂ ਨੂੰ ਜੀ ਆਇਆਂ ਆਖਿਆ। ਆਪਣੀ ਇਸ ਫੇਰੀ ਦੌਰਾਨ ਮੁਰਮੂ ਸੂਬਾਈ ਭਾਜਪਾ ਦਫ਼ਤਰ ਵੀ ਗਏ ਤੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਵੀ ਮਿਲੇ। ਮਗਰੋਂ ਉਨ੍ਹਾਂ ਗਾਂਧੀ ਮੈਦਾਨ ਨਜ਼ਦੀਕ ਹੋਟਲ ਵਿੱਚ ਐੱਨਡੀਏ ਗੱਠਜੋੜ ਵਿੱਚ ਸ਼ਾਮਲ ਪਾਰਟੀਆਂ ਦੇ ਸੀਨੀਅਰ ਆਗੂਆਂ ਨਾਲ ਵੀ ਮੁਲਾਕਾਤ ਕੀਤੀ। ਮੁਰਮੂ ਦੁਪਹਿਰ ਨੂੰ ਹਵਾਈ ਰਸਤੇ ਅਗਰਤਲਾ ਲਈ ਰਵਾਨਾ ਹੋ ਗਏ। -ਪੀਟੀਆਈ