ਪਟਨਾ/ਨਵੀਂ ਦਿੱਲੀ, 24 ਅਗਸਤ
ਅੱਜ ਇਥੇ ਮਹਾਗਠਜੋੜ ਨੇ ਬਿਹਾਰ ਵਿਧਾਨ ਸਭਾ ’ਚ ਭਾਜਪਾ ਦੇ ਵਾਕਆਊਟ ਦੌਰਾਨ ਜ਼ੁਬਾਨੀ ਵੋਟ ਨਾਲ ਭਰੋਸੇ ਦਾ ਮਤਾ ਜਿੱਤ ਲਿਆ। ਇਸ ਤੋਂ ਪਹਿਲਾਂ ਅੱਜ ਕੇਂਦਰੀ ਰੇਲ ਮੰਤਰੀ ਵਜੋਂ ਲਾਲੂ ਪ੍ਰਸਾਦ ਦੇ ਕਾਰਜਕਾਲ ਦੌਰਾਨ ਹੋਏ ਕਥਿਤ ਜ਼ਮੀਨੀ ਘਪਲੇ ਸਬੰਧੀ ਸੀਬੀਆਈ ਨੇ ਅੱਜ ਬਿਹਾਰ ਵਿੱਚ ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਕਈ ਨੇਤਾਵਾਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ। ਛਾਪੇਮਾਰੀ ਅਜਿਹੇ ਸਮੇਂ ਕੀਤੀ ਗਈ, ਜਦੋਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਰਾਜ ਵਿਧਾਨ ਸਭਾ ਵਿੱਚ ਵਿਸ਼ਵਾਸ ਮਤ ਹਾਸਲ ਕਰਨਾ ਸੀ।
ਸ੍ਰੀ ਨਿਤੀਸ਼ ਕੁਮਾਰ ਨੇ ਹਾਲ ਹੀ ਵਿੱਚ ਭਾਜਪਾ ਨਾਲੋਂ ਨਾਤਾ ਤੋੜ ਲਿਆ ਅਤੇ ਰਾਸ਼ਟਰੀ ਜਨਤਾ ਦਲ ਨਾਲ ਹੱਥ ਮਿਲਾਇਆ। ਸੂਤਰਾਂ ਮੁਤਾਬਕ ਸੁਨੀਲ ਸਿੰਘ, ਅਸ਼ਫਾਕ ਕਰੀਮ, ਫ਼ਯਾਜ਼ ਅਹਿਮਦ ਅਤੇ ਵਿਧਾਨ ਪਰਿਸ਼ਦ ਦੇ ਸਾਬਕਾ ਮੈਂਬਰ ਸੁਬੋਧ ਰਾਏ ਸਮੇਤ ਰਾਸ਼ਟਰੀ ਜਨਤਾ ਦਲ ਦੇ ਕਈ ਸੀਨੀਅਰ ਨੇਤਾਵਾਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ।