ਪਟਨਾ, 23 ਅਕਤੂਬਰ
ਬਿਹਾਰ ਵਿੱਚ ਪਟਨਾ ਜ਼ਿਲ੍ਹੇ ਦੇ ਦੀਘਾ ਥਾਣਾ ਖੇਤਰ ਵਿੱਚ ਅੱਜ ਸਵੇਰੇ ਰੇਤ ਨਾਲ ਲੱਦੀ ਕਿਸ਼ਤੀ ਦੇ ਗੰਗਾ ਨਦੀ ਵਿੱਚ ਇੱਕ ਪੁਲ ਦੇ ਥੰਮ੍ਹ ਨਾਲ ਟਕਰਾ ਕੇ ਡੁੱਬਣ ਕਾਰਨ ਉਸ ’ਤੇ ਸਵਾਰ ਪੰਜ ਲੋਕ ਲਾਪਤਾ ਦੱਸੇ ਜਾ ਰਹੇ ਹਨ। ਦੀਘਾ ਪੁਲੀਸ ਸਟੇਸ਼ਨ ਇੰਚਾਰਜ ਸ਼ੰਭੂ ਕੁਮਾਰ ਸਿੰਘ ਨੇ ਦੱਸਿਆ ਕਿ ਉਕਤ ਕਿਸ਼ਤੀ ’ਤੇ ਕੁੱਲ 13 ਲੋਕ ਸਵਾਰ ਸਨ, ਜਿਨ੍ਹਾਂ ਵਿੱਚੋਂ 8 ਜਣੇ ਤੈਰ ਸੁਰੱਖਿਅਤ ਬਾਹਰ ਨਿਕਲ ਆਏ, ਜਦਕਿ 5 ਹੋਰ ਲਾਪਤਾ ਦੱਸੇ ਜਾ ਰਹੇ ਹਨ। ਉਨ੍ਹਾਂ ਮੁਤਾਬਕ ਗੰਗਾ ਨਦੀ ’ਤੇ ਦੀਘਾ ਪੁਲ ਦੇ ਪਿੱਲਰ ਨੰਬਰ 10 ਨਾਲ ਟਕਰਾਉਣ ਤੋਂ ਬਾਅਦ ਕਿਸ਼ਤੀ ਵਿੱਚ ਛੇਕ ਹੋਣ ਕਾਰਨ ਇਹ ਹਾਦਸਾ ਵਾਪਰਿਆ। ਐੱਸਡੀਆਰਐੱਫ ਦੇ ਕਮਾਂਡੈਂਟ ਮੁਹੰਮਦ ਫਰੋਗੁਦੀਨ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਲਾਪਤਾ ਲੋਕਾਂ ਨੂੰ ਲੱਭਣ ਵਿੱਚ ਲੱਗੀ ਹੋਈ ਹੈ।