ਪਟਨਾ, 5 ਸਤੰਬਰ
ਬਿਹਾਰ ਦੇ ਸ਼ਾਹਪੁਰ ਇਲਾਕੇ ਅੰਦਰ ਗੰਗਾ ਨਦੀ ਵਿੱਚ ਦੋ ਕਿਸ਼ਤੀਆਂ ਦੀ ਟੱਕਰ ਕਾਰਨ ਵਾਪਰੇ ਹਾਦਸੇ ਮਗਰੋਂ 10 ਜਣੇ ਲਾਪਤਾ ਹੋ ਗਏ ਹਨ। ਇਹ ਜਾਣਕਾਰੀ ਅੱਜ ਅਧਿਕਾਰੀਆਂ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਹਾਦਸਾ ਐਤਵਾਰ ਦੇਰ ਰਾਤ ਵਾਪਰਿਆ ਅਤੇ ਬਚਾਅ ਕਾਰਜ ਜਾਰੀ ਹਨ। ਅਧਿਕਾਰੀਆਂ ਮੁਤਾਬਕ ਲੱਗਪਗ 55 ਜਣੇ ਨਦੀ ਦੇ ਦੂਜੇ ਪਾਸੇ ਗੰਗਾਹਾਰਾ ਟਾਪੂ ’ਤੇ ਸਬਜ਼ੀਆਂ ਅਤੇ ਪਸ਼ੂਆਂ ਲਈ ਚਾਰਾ ਲੈਣ ਗਏ ਸਨ। ਜਦੋਂ ਉਹ ਵਾਪਸ ਆ ਰਹੇ ਸਨ ਤਾਂ ਉਨ੍ਹਾਂ ਦੀ ਕਿਸ਼ਤੀ ਇੱਕ ਹੋਰ ਕਿਸ਼ਤੀ ਨਾਲ ਟਕਰਾ ਗਈ। ਸ਼ਾਹਪੁਰ ਦੇ ਐੱਸਐੱਸਓ ਸ਼ਰੀਫ ਆਲਮ ਨੇ ਦੱਸਿਆ ਕਿ ਹਾਦਸੇ ਮਗਰੋਂ 45 ਜਣੇ ਕਿਸੇ ਤਰ੍ਹਾਂ ਬਚ ਕੇ ਨਿਕਲਣ ਵਿੱਚ ਸਫਲ ਹੋ ਗਏ ਜਦਕਿ 10 ਹਾਲੇ ਲਾਪਤਾ ਹਨ। ਐੱਸਡੀਆਰਐੱਫ ਦੀ ਟੀਮ ਵੱਲੋਂ ਰਾਤ ਨੂੰ ਬਚਾਅ ਅਪਰੇਸ਼ਨ ਚਲਾਇਆ ਗਿਆ ਪਰ ਲਾਪਤਾ ਲੋਕਾਂ ਦਾ ਪਤਾ ਨਹੀਂ ਲੱਗ ਸਕਿਆ। ਦੱਸਣਯੋਗ ਹੈ ਮੌਨਸੂਨ ਸੀਜ਼ਨ ਹੋਣ ਕਾਰਨ ਗੰਗਾ ਵਿੱਚ ਪਾਣੀ ਦਾ ਪੱਧਰ ਖਤਰੇ ਦਾ ਨਿਸ਼ਾਨ ਦੇ ਨੇੜੇ ਚੱਲ ਰਿਹਾ ਹੈ।