ਭਾਗਲਪੁਰ, 4 ਮਾਰਚ
ਬਿਹਾਰ ਦੇ ਭਾਗਲਪੁਰ ਜ਼ਿਲ੍ਹੇ ਦੇ ਇਕ ਘਰ ਵਿਚ ਧਮਾਕਾ ਹੋਣ ਕਾਰਨ 10 ਲੋਕਾਂ ਦੀ ਮੌਤ ਹੋ ਗਈ ਹੈ ਤੇ ਨੌਂ ਹੋਰ ਜ਼ਖ਼ਮੀ ਹੋ ਗਏ ਹਨ। ਵੇਰਵਿਆਂ ਮੁਤਾਬਕ ਘਰ ਵਿਚ ਗੈਰਕਾਨੂੰਨੀ ਢੰਗ ਨਾਲ ਪਟਾਕੇ ਬਣਾਏ ਜਾ ਰਹੇ ਸਨ ਤੇ ਜ਼ੋਰਦਾਰ ਧਮਾਕਾ ਹੋਇਆ। ਧਮਾਕਾ ਸ਼ੁੱਕਰਵਾਰ ਸੁਵੱਖਤੇ ਹੋਇਆ ਹੈ। ਧਮਾਕੇ ਕਾਰਨ ਮਹੇਂਦਰ ਮੰਡਲ ਦਾ ਘਰ ਤੇ ਨਾਲ ਲੱਗਦੀਆਂ ਦੋ ਹੋਰ ਇਮਾਰਤਾਂ ਮਲਬੇ ਵਿਚ ਤਬਦੀਲ ਹੋ ਗਈਆਂ। ਡੀਸੀ ਮੁਤਾਬਕ ਧਮਾਕੇ ਦੂਰ-ਦੂਰ ਤੱਕ ਸੁਣੇ ਗਏ। ਜਾਂਚ ਟੀਮ ਵੱਲੋਂ ਧਮਾਕੇ ਵਾਲੀ ਥਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਤੇ ਦੇਖਿਆ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਦੀ ਸਮੱਗਰੀ ਨਾਲ ਘਟਨਾ ਵਾਪਰੀ ਹੈ। ਪ੍ਰਸ਼ਾਸਨ ਨੇ ਦਸ ਲਾਸ਼ਾਂ ਬਹੁਤ ਬੁਰੀ ਹਾਲਤ ਵਿਚ ਬਰਾਮਦ ਕੀਤੀਆਂ ਹਨ। ਨੌਂ ਜਣਿਆਂ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਹੈ। -ਪੀਟੀਆਈ