ਪਟਨਾ, 10 ਜੂਨ
ਬਿਹਾਰ ਵਿੱਚ ਕੋਵਿਡ- 19 ਕਾਰਨ ਮੌਤਾਂ ਦੀ ਗਿਣਤੀ ਮੁੜ ਵਧਣ ਕਾਰਨ ਆਲੋਚਨਾ ਦਾ ਸਾਹਮਣਾ ਕਰ ਰਹੇ ਸਿਹਤ ਮੰਤਰੀ ਮੰਗਲ ਪਾਂਡੇ ਨੇ ਕਿਹਾ ਕਿ ਪਿੰਡ ਤੇ ਜ਼ਿਲ੍ਹਾ ਪੱਧਰ ’ਤੇ ਮੌਤਾਂ ਦੀ ਗਿਣਤੀ ਦੱਸਣ ਵਿੱਚ ਦੇਰੀ ਬਿਹਾਰ ਵਿੱਚ ਮੌਤਾਂ ਦੀ ਗਿਣਤੀ ਵਧਣ ਪਿੱਛੇ ਮੁੱਖ ਕਾਰਨ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਕਈ ਸਰੋਤਾਂ ਤੋਂ ਪਤਾ ਲੱਗਿਆ ਕਿ ਮੌਤਾਂ ਦੀ ਗਿਣਤੀ ਵੱਧ ਹੋ ਸਕਦੀ ਹੈ ਤੇ ਇਸ ਮਗਰੋਂ ਸਰਕਾਰ ਨੇ ਇਸ ਦਿਸ਼ਾ ਵਿੱਚ ਕੰਮ ਕਰਨਾ ਸ਼ੁਰੂ ਕੀਤਾ। ਸਿਹਤ ਮੰਤਰੀ ਨੇ ਬਿਹਾਰ ਵਿੱਚ ਮੌਤਾਂ ਦੀ ਗਿਣਤੀ ਵਿੱਚ ਇੱਕਦਮ ਵਾਧੇ ਦਾ ਕਾਰਨ ਦੱਸਦਿਆਂ ਕਿਹਾ,‘ਸਾਨੂੰ ਮੀਡੀਆ ਰਿਪੋਰਟਾਂ ਸਮੇਤ ਹੋਰ ਕਈ ਸਰੋਤਾਂ ਤੋਂ ਬਿਹਾਰ ਵਿੱਚ ਕਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਦੀ ਅਸਲ ਗਿਣਤੀ ਬਾਰੇ ਪਤਾ ਲੱਗਾ। ਇਸ ਲਈ, ਹਰ ਜ਼ਿਲ੍ਹੇ ਦੇ ਜ਼ਿਲ੍ਹਾ ਮੈਜਿਸਟਰੇਟ ਤੇ ਸਿਵਲ ਸਰਜਨ ਨੂੰ ਪਿੰਡ ਪੱਧਰ ’ਤੇ ਮੌਤਾਂ ਦੀ ਅਸਲ ਗਿਣਤੀ ਪਤਾ ਕਰਨ ਲਈ ਕਿਹਾ ਗਿਆ। ਉਨ੍ਹਾਂ ਕਿਹਾ ਕਿ ਪਿਛਲੇ 15 ਦਿਨਾਂ ਵਿੱਚ ਹੋਈਆਂ ਮੌਤਾਂ ਦੇ ਕਾਰਨਾਂ ਦਾ ਪਤਾ ਵੀ ਲਾਇਆ ਜਾ ਰਿਹਾ ਹੈ। -ਆਈਏਐੱਨਐੱਸ