ਪਟਨਾ, 26 ਅਕਤੂਬਰ
ਬਿਹਾਰ ’ਚ ਪੂਰਬੀ-ਮੱਧ ਰੇਲਵੇ ਦੇ ਧਨਬਾਦ ਡਿਵੀਜ਼ਨ ਦੇ ਕੋਡਰਮਾ ਅਤੇ ਮਾਨਪੁਰ ਰੇਲਵੇ ਸੈਕਸ਼ਨ ਵਿਚਕਾਰ ਗੁਰਪਾ ਸਟੇਸ਼ਨ ‘ਤੇ ਅੱਜ ਸਵੇਰੇ ਕੋਲੇ ਨਾਲ ਭਰੀ ਮਾਲ ਗੱਡੀ ਦੇ 53 ਡੱਬੇ ਪਟੜੀ ਤੋਂ ਉਤਰ ਗਏ, ਜਿਸ ਕਾਰਨ ਇਸ ਮਾਰਗ ’ਤੇ ਆਵਾਜਾਈ ਠੱਪ ਹੋ ਗਈ। ਪੂਰਬੀ ਮੱਧ ਰੇਲਵੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਹਾਦਸਾ ਸਵੇਰੇ 6.24 ਵਜੇ ਹੋਇਆ। ਇਸ ਹਾਦਸੇ ਵਿੱਚ ਕੋਈ ਜ਼ਖ਼ਮੀ ਨਹੀਂ ਹੋਇਆ ਹੈ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਹਾਦਸੇ ਦੇ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ। ਰੇਲਵੇ ਦੀਆਂ ਟੀਮਾਂ ਟਰੈਕ ਤੋਂ ਮਲਬਾ ਹਟਾਉਣ ਤੇ ਰੇਲ ਆਵਾਜਾਈ ਬਹਾਲ ਕਰਨ ਵਿੱਚ ਜੁਟ ਗਈਆਂ ਹਨ। ਇਸ ਹਾਦਸੇ ਕਾਰਨ ਰੇਲਵੇ ਨੇ 10 ਰੇਲ ਗੱਡੀਆਂ ਦੇ ਰੁੂਟ ਤਬਦੀਲ ਕੀਤੇ ਹਨ ਤੇ ਚਾਰ ਰੇਲ ਗੱਡੀਆਂ ਅੰਸ਼ਕ ਤੌਰ ’ਤੇ ਰੱਦ ਕਰ ਦਿੱਤੀਆਂ ਹਨ। -ਪੀਟੀਆਈ