ਰਾਮਪੁਰ, 14 ਫਰਵਰੀ
ਹਿਜਾਬ ਵਿਵਾਦ ਦਰਮਿਆਨ ਸਮਾਜਵਾਦੀ ਪਾਰਟੀ ਦੇ ਆਗੂ ਮੁਹੰਮਦ ਅਬਦੁੱਲਾ ਆਜ਼ਮ ਖ਼ਾਨ ਨੇ ਕਿਹਾ ਹੈ ਕਿ ਉੱਤਰ ਪ੍ਰਦੇਸ਼ ’ਚ ਕਿਸਾਨਾਂ, ਨੌਜਵਾਨਾਂ ਅਤੇ ਲਖੀਮਪੁਰ ਖੀਰੀ ਜਿਹੇ ਕਾਂਡ ਵੱਡੇ ਮੁੱਦੇ ਹਨ। ਜੇਲ੍ਹ ’ਚ ਬੰਦ ਸਮਾਜਵਾਦੀ ਪਾਰਟੀ ਦੇ ਆਗੂ ਆਜ਼ਮ ਖ਼ਾਨ ਦੇ ਪੁੱਤਰ ਨੇ ਬੇਰੁਜ਼ਗਾਰੀ ਅਤੇ ਕੋਵਿਡ-19 ਪ੍ਰਬੰਧਨ ਸਮੇਤ ਹੋਰ ਭਖਦੇ ਮਸਲਿਆਂ ਲਈ ਭਾਜਪਾ ਨੂੰ ਘੇਰਿਆ। ਯੂਪੀ ਵਿਧਾਨ ਸਭਾ ਚੋਣਾਂ ਦੇ ਦੂਜੇ ਗੇੜ ਦੌਰਾਨ ਅੱਜ ਆਪਣੀ ਵੋਟ ਭੁਗਤਾਉਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਸ ਨੇ ਕਿਹਾ ਕਿ ਜੇਕਰ ਭਾਜਪਾ ਦੀ ਅਗਵਾਈ ਹੇਠਲੀ ਸਰਕਾਰ ਨਾ ਹੁੰਦੀ ਤਾਂ ਆਜ਼ਮ ਖ਼ਾਨ ਨੇ ਜੇਲ੍ਹ ਅੰਦਰ ਨਹੀਂ ਹੋਣਾ ਸੀ। ਉਨ੍ਹਾਂ ਕਿਹਾ,‘‘ਬਹਿਸ ਇਸ ਗੱਲ ਦੀ ਹੋਣੀ ਚਾਹੀਦੀ ਹੈ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਕਿਉਂ ਨਹੀਂ ਹੋਈ, ਅੱਠ ਸਾਲ ਸੱਤਾ ’ਚ ਰਹਿਣ ਦੇ ਬਾਵਜੂਦ ਭਾਜਪਾ ਨੇ 16 ਕਰੋੜ ਲੋਕਾਂ ਨੂੰ ਨੌਕਰੀਆਂ ਕਿਉਂ ਨਹੀਂ ਦਿੱਤੀਆਂ ਅਤੇ ਮਹਾਮਾਰੀ ਦੌਰਾਨ ਗੰਗਾ ’ਚ ਲਾਸ਼ਾਂ ਤੈਰਨ ਲਈ ਜ਼ਿੰਮੇਵਾਰ ਕੌਣ ਹੈ?’’ ਅਬਦੁੱਲਾ ਨੇ ਕਿਹਾ ਕਿ ਉਸ ਨੂੰ ਅਤੇ ਪਿਤਾ ਨੂੰ ਲੋਕਾਂ ਤੋਂ ਬਹੁਤ ਚੰਗਾ ਹੁੰਗਾਰਾ ਮਿਲ ਰਿਹਾ ਹੈ ਅਤੇ 10 ਮਾਰਚ ਨੂੰ ਨਤੀਜੇ ਸਭ ਕੁਝ ਸਪੱਸ਼ਟ ਕਰ ਦੇਣਗੇ। ਜ਼ਿਕਰਯੋਗ ਹੈ ਕਿ ਰਾਮਪੁਰ ’ਚ ਸਮਾਜਵਾਦੀ ਪਾਰਟੀ ਦੀ ਟਿਕਟ ’ਤੇ ਆਜ਼ਮ ਖ਼ਾਨ ਜੇਲ੍ਹ ’ਚੋਂ ਹੀ ਚੋਣ ਲੜ ਰਹੇ ਹਨ। -ਪੀਟੀਆਈ