ਹੈਦਰਾਬਾਦ, 12 ਨਵੰਬਰ
ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਅੱਜ ਕਿਹਾ ਕਿ ਕਾਨੂੰਨ ਤੇ ਪ੍ਰਬੰਧ ਬਣਾਈ ਰੱਖਣ ਤੋਂ ਇਲਾਵਾ ਪਾਕਿਸਤਾਨ, ਚੀਨ, ਮਿਆਂਮਾਰ ਤੇ ਬੰਗਲਾਦੇਸ਼ ਵਰਗੇ ਮੁਲਕਾਂ ਨਾਲ ਲੱਗਦੀ ਭਾਰਤ ਦੀ 15 ਹਜ਼ਾਰ ਕਿਲੋਮੀਟਰ ਤੋਂ ਵੱਧ ਲੰਮੀ ਸਰਹੱਦ ਦੇ ਪ੍ਰਬੰਧਨ ’ਚ ਪੁਲੀਸ ਬਲਾਂ ਦੀ ਵੱਡੀ ਭੂਮਿਕਾ ਹੈ। ਸਰਦਾਰ ਵੱਲਭ ਭਾਈ ਪਟੇਲ ਕੌਮੀ ਪੁਲੀਸ ਅਕਾਦਮੀ ’ਚ ਭਾਰਤੀ ਪੁਲੀਸ ਸੇਵਾ ਦੇ ਪ੍ਰੋਬੇਸ਼ਨ ਅਧੀਨ ਅਧਿਕਾਰੀਆਂ ਦੇ 73ਵੇਂ ਬੈਚ ਦੀ ਪਾਸਿੰਗ ਆਊਟ-ਪਰੇਡ ਨੂੰ ਸੰਬੋਧਨ ਕਰਦਿਆਂ ਡੋਵਾਲ ਨੇ ਕਿਹਾ ਕਿ ਭਾਰਤ ਦੀ ਪ੍ਰਭੂਸੱਤਾ ਤੱਟੀ ਖੇਤਰਾਂ ਤੋਂ ਲੈ ਕੇ ਸਰਹੱਦੀ ਖੇਤਰਾਂ ਤੱਕ ਆਖਰੀ ਥਾਣੇ ਦੇ ਅਧਿਕਾਰ ਖੇਤਰ ਤੱਕ ਜਾਂਦੀ ਹੈ।
ਡੋਵਾਲ ਨੇ ਕਿਹਾ ਕਿ ਭਾਰਤ ਦੇ 32 ਲੱਖ ਵਰਗ ਕਿਲੋਮੀਟਰ ਖੇਤਰ ਦੇ ਹਰ ਹਿੱਸੇ ’ਚ ਅਮਨ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਦੀ ਜ਼ਿੰਮੇਵਾਰੀ ਪੁਲੀਸ ਬਲਾਂ ਦੀ ਹੈ। ਉਨ੍ਹਾਂ ਕਿਹਾ, ‘ਸਿਰਫ਼ ਉਹੀ ਪੁਲੀਸਿੰਗ ਨਹੀਂ ਜਿਸ ਦੀ ਤੁਹਾਨੂੰ ਚੰਗੀ ਤਰ੍ਹਾਂ ਸਿਖਲਾਈ ਦਿੱਤੀ ਗਈ ਹੈ ਬਲਕਿ ਇਸ ਨੂੰ ਵਧਾਇਆ ਵੀ ਜਾਵੇਗਾ। ਤੁਹਾਡੇ ’ਤੇ ਇਸ ਦੇਸ਼ ਦੇ ਸਰਹੱਦੀ ਪ੍ਰਬੰਧਨ ਦੀ ਵੀ ਜ਼ਿੰਮੇਵਾਰੀ ਹੋਵੇਗੀ। 15 ਹਜ਼ਾਰ ਕਿਲੋਮੀਟਰ ਦੀ ਸਰਹੱਦ ਜਿਸ ਦੇ ਜ਼ਿਆਦਾਤਰ ਹਿੱਸੇ ਦੀ ਆਪਣੀ ਹੀ ਤਰ੍ਹਾਂ ਦੀਆਂ ਸਮੱਸਿਆਵਾਂ ਹਨ।’ ਉਨ੍ਹਾਂ ਕਿਹਾ ਕਿ ਦੇਸ਼ ’ਚ ਪੁਲੀਸ ਦਸਤਿਆਂ ਦੀ ਗਿਣਤੀ 21 ਲੱਖ ਹੈ ਅਤੇ ਹੁਣ ਤੱਕ 35,480 ਮੁਲਾਜ਼ਮ ਸ਼ਹੀਦ ਹੋਏ ਹਨ। ਡੋਵਾਲ ਨੇ ਕਿਸੇ ਖਾਸ ਘਟਨਾ ਜ਼ਿਕਰ ਕੀਤੇ ਬਿਨਾਂ ਕਿਹਾ, ‘ਅਸੀਂ ਭਾਰਤੀ ਪੁਲੀਸ ਸੇਵਾ (ਆਈਪੀਐੱਸ) ਦੇ ਉਨ੍ਹਾਂ 40 ਅਧਿਕਾਰੀਆਂ ਨੂੰ ਵੀ ਯਾਦ ਕਰਨਾ ਚਾਹਾਂਗੇ ਜੋ ਸ਼ਹੀਦ ਹੋ ਗਏ।’ ਡੋਵਾਲ ਨੇ ਕਿਹਾ ਕਿ ਜਮਹੂਰੀਅਤ ਦਾ ਸਾਰ ਤੱਤ ਵੋਟ ਪੇਟੀ ’ਚ ਨਹੀਂ ਬਲਕਿ ਕਾਨੂੰਨ ’ਚ ਹੁੰਦਾ ਹੈ ਜੋ ਲੋਕਾਂ ਵੱਲੋਂ ਚੁਣੇ ਗਏ ਨੁਮਾਇੰਦਿਆਂ ਵੱਲੋਂ ਬਣਾਏ ਜਾਂਦੇ ਹਨ। ਉਨ੍ਹਾਂ ਕਿਹਾ, ‘ਜਿੱਥੇ ਕਾਨੂੰਨ ਦਾ ਅਮਲ ਕਮਜ਼ੋਰ, ਭ੍ਰਿਸ਼ਟ ਤੇ ਪੱਖਪਾਤੀ ਹੈ ਉੱਥੇ ਲੋਕ ਸੁਰੱਖਿਅਤ ਮਹਿਸੂਸ ਨਹੀਂ ਕਰ ਸਕਦੇ।’ ਡੋਵਾਲ ਨੇ ਕਿਹਾ ਕਿ ਪੁਲੀਸ ਨੂੰ ਹੋਰ ਸੰਸਥਾਵਾਂ ਨਾਲ ਮਿਲ ਕੇ ਕੰਮ ਕਰਨਾ ਪਵੇਗਾ ਜਿਸ ਲਈ ਉਨ੍ਹਾਂ ਨੂੰ ਦੇਸ਼ ਦੀ ਸੇਵਾ ਦੇ ਲਿਹਾਜ਼ ਨਾਲ ਸਕਾਰਾਤਮਕ ਸੋਚ ਦੀ ਲੋੜ ਹੈ। ਉਨ੍ਹਾਂ ਕਿਹਾ, ‘ਜੇਕਰ ਅੰਦਰੂਨੀ ਸੁਰੱਖਿਆ ਨਾਕਾਮ ਹੁੰਦੀ ਹੈ ਤਾਂ ਕੋਈ ਦੇਸ਼ ਮਹਾਨ ਨਹੀਂ ਬਣ ਸਕਦਾ। ਜੇਕਰ ਲੋਕ ਸੁਰੱਖਿਅਤ ਨਹੀਂ ਹਨ ਤਾਂ ਉਹ ਅੱਗੇ ਨਹੀਂ ਵਧ ਸਕਦੇ ਤੇ ਨਾ ਹੀ ਦੇਸ਼ ਅੱਗੇ ਵਧੇਗਾ।’ -ਪੀਟੀਆਈ