ਨਵੀਂ ਦਿੱਲੀ, 13 ਫਰਵਰੀ
ਲੰਮੇ ਸਮੇਂ ਤੋਂ ਉਡੀਕੀ ਜਾ ਰਹੀ 5ਜੀ ਸਪੈਕਟ੍ਰਮ ਦੀ ਬੋਲੀ ਇਸ ਸਾਲ ਮਈ ਵਿਚ ਹੋਣ ਦੀ ਸੰਭਾਵਨਾ ਹੈ। ਜੇਕਰ ‘ਟਰਾਈ’ ਮਾਰਚ ਤੱਕ ਵਿਕਰੀ ਦੀ ਪ੍ਰਕਿਰਿਆ ਬਾਰੇ ਨੇਮਾਂ ਦੀ ਸਿਫਾਰਿਸ਼ ਕਰ ਦਿੰਦੀ ਹੈ ਤਾਂ ਬੋਲੀ ਮਈ ਵਿਚ ਹੋ ਸਕਦੀ ਹੈ।
ਟੈਲੀਕਾਮ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਨਿਯਮ ਬਣਾਉਣ ਦੀ ਪ੍ਰਕਿਰਿਆ ਚੱਲ ਰਹੀ ਹੈ। ਟੈਲੀਕਾਮ ਮੰਤਰੀ ਅਸ਼ਿਵਨੀ ਵੈਸ਼ਨਵ ਨੇ ਇਸੇ ਮਹੀਨੇ ਕਿਹਾ ਸੀ ਕਿ ਟੈਲੀਕਾਮ ਰੈਗੂਲੇਟਰੀ ਅਥਾਰਿਟੀ 5ਜੀ ਦੀ ਬੋਲੀ ਬਾਰੇ ਆਪਣੀਆਂ ਸਿਫਾਰਿਸ਼ਾਂ ਮਾਰਚ ਤੱਕ ਦੇਵੇਗੀ। ਇਸ ਦੇ ਨਾਲ ਹੀ ਟੈਲੀਕਾਮ ਮੰਤਰਾਲਾ ਅਗਲੀ ਕਾਰਵਾਈ ਆਰੰਭ ਦੇਵੇਗਾ। ਟੈਲੀਕਾਮ ਸਕੱਤਰ ਕੇ. ਰਾਜਾਰਮਨ ਨੇ ਦੱਸਿਆ ਕਿ ‘ਟਰਾਈ’ ਨੇ ਸੰਕੇਤ ਦਿੱਤਾ ਹੈ ਕਿ ਉਹ ਮਾਰਚ ਤੱਕ ਸਿਫਾਰਿਸ਼ਾਂ ਭੇਜ ਦੇਣਗੇ। ਇਸ ਤੋਂ ਬਾਅਦ ਫੈਸਲਾ ਲੈਣ ਵਿਚ ਇਕ ਮਹੀਨਾ ਲੱਗ ਸਕਦਾ ਹੈ। ਸਕੱਤਰ ਨੇ ਕਿਹਾ ਕਿ ਮੰਤਰਾਲੇ ਨੂੰ ਜਦ ਸਿਫਾਰਿਸ਼ਾਂ ਮਿਲਣਗੀਆਂ, ਉਸ ਤੋਂ ਬਾਅਦ ਬੋਲੀ ਕਰਵਾਉਣ ’ਚ ਦੋ ਮਹੀਨਿਆਂ ਦਾ ਸਮਾਂ ਲੱਗ ਸਕਦਾ ਹੈ। 5ਜੀ ਸੇਵਾਵਾਂ 4ਜੀ ਨਾਲੋਂ ਦਸ ਗੁਣਾ ਵੱਧ ਰਫ਼ਤਾਰ ਦੇਣਗੀਆਂ। ਪ੍ਰਕਿਰਿਆ ਮੁਤਾਬਕ ਮੰਤਰਾਲਾ ‘ਟਰਾਈ’ ਤੋਂ ਸਪੈਕਟ੍ਰਮ ਦੀ ਕੀਮਤ, ਇਸ ਨੂੰ ਅਲਾਟ ਕਰਨ ਦੇ ਤਰੀਕਿਆਂ ਤੇ ਹੋਰ ਸ਼ਰਤਾਂ ਬਾਰੇ ਜਾਣਕਾਰੀ ਲੈਂਦਾ ਹੈ। ‘ਟਰਾਈ’ ਇਸ ਬਾਰੇ ਉਦਯੋਗ ਜਗਤ, ਹਿੱਤਧਾਰਕਾਂ ਨਾਲ ਸਲਾਹ-ਮਸ਼ਵਰਾ ਕਰਦੀ ਹੈ ਤੇ ਮੰਤਰਾਲੇ ਨੂੰ ਸਿਫ਼ਾਰਿਸ਼ਾਂ ਕਰਦੀ ਹੈ। ਮੰਤਰਾਲੇ ਦੀ ਫ਼ੈਸਲਾ ਲੈਣ ਵਾਲੀ ਸਿਖ਼ਰਲੀ ਇਕਾਈ ਡਿਜੀਟਲ ਕਮਿਊਨੀਕੇਸ਼ਨਜ਼ ਕਮਿਸ਼ਨ ਟਰਾਈ ਦੀਆਂ ਸਿਫ਼ਾਰਿਸ਼ਾਂ ਉਤੇ ਫ਼ੈਸਲਾ ਲੈ ਕੇ ਇਸ ਨੂੰ ਕੈਬਨਿਟ ਦੀ ਮਨਜ਼ੂਰੀ ਲਈ ਭੇਜੇਗੀ। -ਪੀਟੀਆਈ