ਮੁੰਬਈ, 9 ਅਕਤੂਬਰ
ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਭੀਮਾ ਕੋਰੇਗਾਓਂ ਹਿੰਸਾ ਮਾਮਲੇ ਵਿੱਚ ਕਥਿਤ ਸ਼ਮੂਲੀਅਤ ਲਈ ਕਾਰਕੁਨ ਗੌਤਮ ਨਵਲੱਖਾ ਤੇ 82 ਸਾਲਾ ਪਾਦਰੀ ਸਟੇਨ ਸਵਾਮੀ ਸਮੇਤ ਅੱਠ ਜਣਿਆਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ। ਸਵਾਮੀ, ਜਿਨ੍ਹਾਂ ਦਾ ਇਹ ਕਹਿਣਾ ਸੀ ਕਿ ਉਹ ਕਦੇ ਵੀ ਭੀਮਾ ਕੋਰੇਗਾਓਂ ਨਹੀਂ ਗਏ, ਨੂੰ ਵੀਰਵਾਰ ਸ਼ਾਮ ਨੂੰ ਰਾਂਚੀ ਸਥਿਤ ਉਨ੍ਹਾਂ ਦੇ ਘਰ ’ਚੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਸਵਾਮੀ ਨੂੰ ਮੁੰਬਈ ਲਿਆਉਣ ਮਗਰੋਂ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ 23 ਅਕਤੂਬਰ ਤਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਅਧਿਕਾਰੀਆਂ ਨੇ ਕਿਹਾ ਕਿ ਗੈਰਕਾਨੂੰਨੀ ਸਰਗਰਮੀਆਂ ਰੋਕੂ ਐਕਟ (ਯੂਏਪੀਏ) ਤਹਿਤ ਗ੍ਰਿਫ਼ਤਾਰ ਉਹ ਹੁਣ ਤੱਕ ਸਭ ਤੋਂ ਵੱਡੀ ਉਮਰ ਦੇ ਵਿਅਕਤੀ ਹਨ। ਚਾਰਜਸ਼ੀਟ ਵਿੱਚ ਸ਼ਾਮਲ ਅੱਠ ਨਾਵਾਂ ’ਚੋਂ ਸੱਤ ਜਣੇ ਨਿਆਂਇਕ ਹਿਰਾਸਤ ਵਿੱਚ ਹਨ ਜਦੋਂਂਕਿ ਮਿਲਿੰਦ ਤੇਲਤੁੰਬੜੇ ਇਸ ਵੇਲੇ ਫ਼ਰਾਰ ਹੈ।
ਐੱਨਆਈਏ ਦੀ ਤਰਜਮਾਨ ਤੇ ਏਜੰਸੀ ਦੀ ਡੀਆਈਜੀ ਸੋਨੀਆ ਨਾਰੰਗ ਨੇ ਕਿਹਾ ਕਿ ਚਾਰਜਸ਼ੀਟ ਅਧਿਕਾਰਤ ਕੋਰਟ ’ਚ ਦਾਖ਼ਲ ਕੀਤੀ ਗਈ ਹੈ। ਚਾਰਜਸ਼ੀਟ ਵਿੱਚ ਨਵਲੱਖਾ ਤੇ ਸਵਾਮੀ ਤੋਂ ਇਲਾਵਾ ਦਿੱਲੀ ਯੂੁਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਹਨੀ ਬਾਬੂ, ਗੋਆ ਇੰਸਟੀਚਿਊਟ ਆਫ਼ ਮੈਨੇਜਮੈਂਟ ਦੇ ਪ੍ਰੋਫੈਸਰ ਆਨੰਦ ਤੇਲਤੁੰਬੜੇ ਅਤੇ ਭੀਮਾ ਕੋਰੇਗਾਓਂ ਸ਼ੌਰਿਆ ਦਿਨ ਪ੍ਰੇਰਨਾ ਅਭਿਆਨ ਗਰੁੱਪ ਦੇ ਕਾਰਕੁਨ ਜਿਓਤੀ ਜਗਤਾਪ, ਸਾਗਰ ਗੋਰਖੇ ਤੇ ਰਮੇਸ਼ ਗਾਇਚੋਰ ਸ਼ਾਮਲ ਹਨ। ਇਨ੍ਹਾਂ ਨੂੰ ਕੇਸ ਦੀ ਜਾਂਚ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਸੀ। ਚੇਤੇ ਰਹੇ ਕਿ ਪਹਿਲੀ ਜਨਵਰੀ 2008 ਨੂੰ ਪੁਣੇ ਵਿੱਚ ਕੋਰੇਗਾਓਂ ਜੰਗ ਦੀ 200ਵੀਂ ਵਰ੍ਹੇਗੰਢ ਦੇ ਜਸ਼ਨਾਂ ਲਈ ਰੱਖੇ ਸਮਾਗਮ ਦੌਰਾਨ ਹੋਈ ਹਿੰਸਾ ਵਿੱਚ ਇਕ ਵਿਅਕਤੀ ਦੀ ਮੌਤ ਤੇ ਕਈ ਹੋਰ ਜ਼ਖ਼ਮੀ ਹੋ ਗਏ ਸਨ। ਨਵਲੱਖਾ ਤੇ ਤੇਲਤੁੰਬੜੇ ਨੇ ਇਸ ਸਾਲ ਅਪਰੈਲ ਵਿੱਚ ਐੱਨਆਈਏ ਕੋਰਟ ’ਚ ਸਮਰਪਣ ਕਰ ਦਿੱਤਾ ਸੀ। ਕਾਬਿਲੇਗੌਰ ਹੈ ਕਿ ਐੱਨਆਈਏ ਦੀ ਚਾਰਜਸ਼ੀਟ ਵਿੱਚ ਮਨੁੱਖੀ ਅਧਿਕਾਰਾਂ ਬਾਰੇ ਕਾਰਕੁਨ ਸੁੁਧਾ ਭਾਰਦਵਾਜ, ਜੋ ਸਾਲ 2018 ਤੋਂ ਜੇਲ੍ਹ ਵਿੱਚ ਹੈ, ਦਾ ਕੋਈ ਜ਼ਿਕਰ ਨਹੀਂ ਹੈ। ਪੁਣੇ ਪੁਲੀਸ ਨੇ ਭਾਰਦਵਾਜ ਨੂੰ ਵਰਨੋਨ ਫਰਨਾਂਡੇਜ਼ ਤੇ ਅਰੁਣ ਫਰੇਰਾ ਦੇ ਨਾਲ ਅਗਸਤ 2018 ਵਿੱਚ ਗ੍ਰਿਫ਼ਤਾਰ ਕੀਤਾ ਸੀ। -ਪੀਟੀਆਈ