ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਕੌਮੀ ਜਾਂਚ ਏਜੰਸੀ (ਐੱਨਆਈਏ) ਤੋਂ ਭੀਮਾ ਕੋਰੇਗਾਓਂ ਕੇਸ ਵਿੱਚ ਕਥਿਤ ਦੋਸ਼ੀ ਪੀ. ਵਰਵਰਾ ਰਾਓ ਵੱਲੋਂ ਮੈਡੀਕਲ ਆਧਾਰ ’ਤੇ ਪੱਕੀ ਜ਼ਮਾਨਤ ਦੇਣ ਦੀ ਮੰਗ ਲਈ ਦਾਖਲ਼ ਅਪੀਲ ’ਤੇ ਜੁਆਬ ਮੰਗਿਆ ਹੈ। ਜਸਟਿਸ ਯੂ ਯੂ ਲਲਿਤ ਦੀ ਅਗਵਾਈ ਵਾਲੇ ਬੈਂਚ ਨੇ ਅਪੀਲ ’ਤੇ ਨੋਟਿਸ ਜਾਰੀ ਕਰਦਿਆਂ ਕਿਹਾ ਕਿ ਇਸ ’ਤੇ 10 ਅਗਸਤ ਨੂੰ ਸੁਣਵਾਈ ਹੋਵੇਗੀ। ਸਰਵਉੱਚ ਅਦਾਲਤ ਨੇ ਕਿਹਾ ਕਿ ਸ੍ਰੀ ਰਾਓ ਨੂੰ ਦਿੱਤੀ ਅੰਤਰਿਮ ਰਾਹਤ ਜਾਰੀ ਰਹੇਗੀ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ 12 ਜੁਲਾਈ ਨੂੰ ਰਾਓ ਦੀ ਅੰਤਰਿਮ ਰਾਹਤ ਅਗਲੇ ਹੁਕਮਾਂ ਤੱਕ ਵਧਾ ਦਿੱਤੀ ਸੀ। ਸ੍ਰੀ ਰਾਓ ਨੇ ਬਾਂਬੇ ਹਾਈ ਕੋਰਟ ਵੱਲੋਂ ਮੈਡੀਕਲ ਆਧਾਰ ’ਤੇ ਉਨ੍ਹਾਂ ਦੀ ਪੱਕੀ ਜ਼ਮਾਨਤ ਦੀ ਅਪੀਲ 13 ਅਪਰੈਲ ਨੂੰ ਰੱਦ ਕਰਨ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਸੀ। ਇਸ ਸਮੇਂ ਉਹ ਮੈਡੀਕਲ ਆਧਾਰ ’ਤੇ ਅੰਤਰਿਮ ਜ਼ਮਾਨਤ ’ਤੇ ਹਨ ਤੇ ਉਨ੍ਹਾਂ 12 ਜੁਲਾਈ ਨੂੰ ਆਤਮ-ਸਮਰਪਣ ਕਰਨਾ ਸੀ। ਬੈਂਚ ਨੇ ਕਿਹਾ ਕਿ ਇਸ ਮਾਮਲੇ ’ਤੇ 10 ਅਗਸਤ ਨੂੰ ਸੁਣਵਾਈ ਹੋਵੇਗੀ। -ਪੀਟੀਆਈ