ਨਵੀਂ ਦਿੱਲੀ, 3 ਮਾਰਚ
ਸੁਪਰੀਮ ਕੋਰਟ ਨੇ ਐਲਗਾਰ ਪਰਿਸ਼ਦ-ਮਾਓਵਾਦੀਆਂ ਵਿਚਕਾਰ ਕਥਿਤ ਸਬੰਧ ਮਾਮਲੇ ’ਚ ਸਮਾਜਿਕ ਕਾਰਕੁਨ ਗੌਤਮ ਨੌਲੱਖਾ ਦੀ ਜ਼ਮਾਨਤ ਅਰਜ਼ੀ ’ਤੇ ਅੱਜ ਕੌਮੀ ਜਾਂਚ ਏਜੰਸੀ (ਐੱਨਆਈਏ) ਤੋਂ ਜਵਾਬ ਮੰਗਿਆ ਹੈ। ਜਸਟਿਸ ਯੂ ਯੂ ਲਲਿਤ ਤੇ ਕੇ ਐੱਮ ਜੋਸੇਫ਼ ਦੇ ਬੈਂਚ ਨੇ ਨੌਲੱਖਾ ਦੀ ਅਰਜ਼ੀ ’ਤੇ ਜਾਂਚ ਏਜੰਸੀ ਨੂੰ ਨੋਟਿਸ ਜਾਰੀ ਕੀਤਾ ਹੈ। ਨੌਲੱਖਾ ਨੇ ਬੰਬਈ ਹਾਈ ਕੋਰਟ ਵੱਲੋਂ ਉਸ ਦੀ ਜ਼ਮਾਨਤ ਅਰਜ਼ੀ ਰੱਦ ਕਰਨ ਖ਼ਿਲਾਫ਼ ਸੁਪਰੀਮ ਕੋਰਟ ’ਚ ਅਪੀਲ ਦਾਇਰ ਕੀਤੀ ਸੀ। ਅੱਜ 4.30 ਵਜੇ ਤੋਂ ਬਾਅਦ ਵੀ ਕਿਸੇ ਹੋਰ ਮਾਮਲੇ ’ਤੇ ਸੁਣਵਾਈ ਕਰ ਰਹੇ ਬੈਂਚ ਦਾ ਮੱਤ ਸੀ ਕਿ ਨੌਲੱਖਾ ਦੀ ਅਰਜ਼ੀ ਨੂੰ ਵੀਰਵਾਰ ਨੂੰ ਵਿਚਾਰਿਆ ਜਾਵੇ ਪਰ ਨੌਲੱਖਾ ਦੇ ਵਕੀਲ ਕਪਿਲ ਸਬਿਲ ਨੇ ਕਿਹਾ ਕਿ ਉਹ ਕੁਝ ਘੰਟਿਆਂ ਤੋਂ ਸੁਣਵਾਈ ਦਾ ਇੰਤਜ਼ਾਰ ਕਰ ਰਹੇ ਹਨ। ਇਸ ’ਤੇ ਵੀਡੀਓ ਕਾਨਫਰੰਸ ਰਾਹੀਂ ਸੰਖੇਪ ਸੁਣਵਾਈ ਹੋਈ ਤੇ ਬੈਂਚ ਨੇ ਜਾਂਚ ਏਜੰਸੀ ਨੂੰ ਨੋਟਿਸ ਜਾਰੀ ਕਰ ਕੇ 15 ਮਾਰਚ ਤਕ ਜਵਾਬ ਮੰਗਿਆ ਹੈ। -ਪੀਟੀਆਈ