ਨਵੀਂ ਦਿੱਲੀ, 14 ਦਸੰਬਰ
ਆਸਟਰੇਲੀਆ ਦੀ ਆਈਟੀ ਸਨਅਤ ਵਿਚ ਕੰਮ ਕਰਦਾ ਭਵਜੀਤ ਸਿੰਘ ਸਿਡਨੀ ਤੋਂ ਜਦ ਅਕਤੂਬਰ ਵਿਚ ਨਿੱਜੀ ਕੰਮ ਲਈ ਲੁਧਿਆਣਾ (ਪੰਜਾਬ) ਆਇਆ ਸੀ ਤਾਂ ਉਸ ਦਾ ਜ਼ਿਆਦਾ ਦੇਰ ਰੁਕਣ ਦਾ ਕੋਈ ਇਰਾਦਾ ਨਹੀਂ ਸੀ। ਪਰ ਹੁਣ ਦਸੰਬਰ ’ਚ ਸੂਚਨਾ ਤਕਨੀਕ ਖੇਤਰ ਦਾ ਮਾਹਿਰ ਭਵਜੀਤ ਟਵਿੱਟਰ ਉਤੇ ਇਕ ਮੁਹਿੰਮ ਚਲਾ ਰਿਹਾ ਹੈ ਜੋ ਕਿ ਕਿਸਾਨ ਅੰਦੋਲਨ ਨਾਲ ਜੁੜੀ ਹੋਈ ਹੈ। ਉਸ ਦਾ ਟਵਿੱਟਰ ਹੈਂਡਲ ‘ਟਰੈਕਟਰ2ਟਵਿੱਟਰ’ ਫ਼ਰਜ਼ੀ ਖ਼ਬਰਾਂ ਤੇ ਪਛਾਣ ਖ਼ਰਾਬ ਕਰਨ ਵਾਲੇ ਝੂਠੇ ਪ੍ਰਚਾਰ ਦਾ ਟਾਕਰਾ ਕਰਨ ਲਈ ਹੈ। ਇਸ ਨੂੰ 28 ਨਵੰਬਰ ਤੋਂ ਬਾਅਦ ਪੂਰੇ ਵਿਸ਼ਵ ’ਚੋਂ ਕਰੀਬ 25 ਲੱਖ ‘ਇੰਪਰੈਸ਼ਨ’ ਮਿਲ ਚੁੱਕੇ ਹਨ। ਦਰਅਸਲ ‘ਇੰਪਰੈਸ਼ਨ’ ਟਵੀਟ ਦੀ ਪਹੁੰਚ ਤੈਅ ਕਰਦਾ ਹੈ। ਭਵਜੀਤ ਨੇ ਦੱਸਿਆ ‘ਮੈਂ ਕਿਸੇ ਕੰਮ ਲਈ ਅਕਤੂਬਰ ਦੇ ਅਖ਼ੀਰ ਵਿਚ ਭਾਰਤ ਆਇਆ ਸੀ। ਇਸੇ ਦੌਰਾਨ ਕਿਸਾਨ ਅੰਦੋਲਨ ਸ਼ੁਰੂ ਹੋ ਗਿਆ ਤੇ ਮੈਂ ਰੁਕ ਗਿਆ।’ ਉਸ ਨੇ ਕਿਹਾ ਕਿ ਉਸ ਦਾ ਮੰਤਵ ਰੋਸ ਮੁਜ਼ਾਹਰਿਆਂ ਬਾਰੇ ਸਹੀ ਜਾਣਕਾਰੀ ਲੋਕਾਂ ਤੱਕ ਪਹੁੰਚਾਉਣਾ ਸੀ ਕਿਉਂਕਿ ‘ਬਹੁਤ ਸਾਰੇ ਲੋਕ ਟਵੀਟ ਕਰ ਕੇ ਅੰਦੋਲਨ ਵਿਰੁੱਧ ਝੂਠਾ ਪ੍ਰਚਾਰ ਕਰ ਰਹੇ ਸਨ।’ ਉਸ ਦੇ ਦੋਸਤ ਜਸਪ੍ਰੀਤ ਸਿੰਘ ਨੇ ਕਿਹਾ ਕਿ ਮੁਹਿੰਮ ਅਜਿਹੇ ਲੋਕਾਂ ਦਾ ਟਾਕਰਾ ਕਰਨ ਲਈ ਸੀ। -ਪੀਟੀਆਈ
‘ਸਾਡਾ ਕੋਈ ਆਈਟੀ ਸੈੱਲ ਨਹੀਂ, ਸਾਰੇ ਟਵੀਟ ਆਰਗੈਨਿਕ’
ਭਵਜੀਤ ਤੇ ਜਸਪ੍ਰੀਤ ਨੇ ਕਿਹਾ ਕਿ ਸਾਡਾ ਕੋਈ ਆਈਟੀ ਸੈੱਲ ਨਹੀਂ ਹੈ, ਸਾਰੇ ਟਵੀਟ ਪੂਰੀ ਤਰ੍ਹਾਂ ‘ਆਰਗੈਨਿਕ’ (ਅਸਲੀ ਯੂਜ਼ਰ ਵੱਲੋਂ ਕੀਤੇ ਗਏ) ਹਨ। ਇਸ ਦੇ ਨਾਲ ਹੀ ਜਦ ਕੌਮਾਂਤਰੀ ਮੀਡੀਆ ਜਾਣਨਾ ਚਾਹੁੰਦਾ ਹੈ ਕਿ ਭਾਰਤ ਵਿਚ ਕੀ ਹੋ ਰਿਹਾ ਹੈ ਤਾਂ ਉਹ ਫੇਸਬੁੱਕ ਜਾਂ ਵਟਸਐਪ ਨਹੀਂ ਦੇਖਦੇ ਬਲਕਿ ਟਵਿੱਟਰ ਉਤੇ ਜਾ ਕੇ ਦੇਖਦੇ ਹਨ ਕਿ ਕੀ ‘ਟਰੈਂਡ’ ਹੋ ਰਿਹਾ ਹੈ। ਭਵਜੀਤ ਨੇ ਕਿਹਾ ਕਿ ਟਵਿੱਟਰ ਹੈਂਡਲ ਨੂੰ ਪੂਰੀ ਦੁਨੀਆ ਤੋਂ ਵਾਲੰਟੀਅਰ ਚਲਾ ਰਹੇ ਹਨ ਤੇ ਹਰ ਰੋਜ਼ ਔਸਤ ਇਕ ਲੱਖ ਰੀਟਵੀਟ ਹੁੰਦੇ ਹਨ। ਇਸ ਤਰ੍ਹਾਂ ਝੂਠਾ ਪ੍ਰਚਾਰ ਕਰਨ ਵਾਲਿਆਂ ਨੂੰ ਤਕੜੀ ਟੱਕਰ ਦਿੱਤੀ ਜਾ ਰਹੀ ਹੈ।