ਸ੍ਰੀਨਗਰ: ਕਸ਼ਮੀਰੀ ਪੰਡਿਤ ਮੁਲਾਜ਼ਮਾਂ ਦਾ ਸਹਿਕਰਮੀ ਰਾਹੁਲ ਭੱਟ ਦੇ ਕਤਲ ਖ਼ਿਲਾਫ਼ ਚਲ ਰਿਹਾ ਪ੍ਰਦਰਸ਼ਨ ਅੱਜ 13ਵੇਂ ਦਿਨ ਵੀ ਜਾਰੀ ਰਿਹਾ। ਪ੍ਰਦਰਸ਼ਨਕਾਰੀ ਉਪ ਰਾਜਪਾਲ ਮਨੋਜ ਸਿਨਹਾ ਵੱਲੋਂ ਸ਼ੇਖਪੁਰਾ ਸ਼ਰਨਾਰਥੀ ਕੈਂਪ ਦੇ ਦੌਰੇ ਦੌਰਾਨ ਦਿੱਤੇ ਭਰੋਸੇ ਦੇ ਬਾਵਜੂਦ ਕੰਮ ’ਤੇ ਨਹੀਂ ਪਰਤੇ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਉਹ ਉਦੋਂ ਤੱਕ ਆਪਣੇ ਕੰਮ ’ਤੇ ਨਹੀਂ ਪਰਤਣਗੇ, ਜਦੋਂ ਤੱਕ ਉਨ੍ਹਾਂ ਨੂੰ ਕਸ਼ਮੀਰ ਵਿੱਚੋਂ ਬਾਹਰ ਤਬਦੀਲ ਕਰਨ ਦੀ ਮੰਗ ਪ੍ਰਵਾਨ ਨਹੀਂ ਕੀਤੀ ਜਾਂਦੀ। ਪ੍ਰਦਰਸ਼ਨਕਾਰੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਜਾਣਕਾਰੀ ਮੁਤਾਬਕ ਸ੍ਰੀ ਸਿਨਹਾ ਨੇ ਸੋਮਵਾਰ ਨੂੰ ਸ਼ੇਖਪੁਰਾ ਸ਼ਰਨਾਰਥੀ ਕੈਂਪ ਦਾ ਦੌਰਾ ਕੀਤਾ ਸੀ ਤੇ ਭਰੋਸਾ ਦਿੱਤਾ ਸੀ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰ ਦਿੱਤਾ ਜਾਵੇਗਾ। ਭੱਟ ਦੀ ਪਤਨੀ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਦਾ ਹਵਾਲਾ ਦਿੰਦੇ ਹੋਏ, ਐੱਲਜੀ ਨੇ ਕਿਹਾ ਕਿ ਹਰ ਸੰਭਵ ਮਦਦ ਕੀਤੀ ਜਾਵੇਗੀ। -ਪੀਟੀਆਈ
ਭਾਜਪਾ ਨੇ ਕਸ਼ਮੀਰੀ ਪੰਡਤਾਂ ਦਾ ਸੋਸ਼ਣ ਕੀਤਾ: ਮਹਬਿੂਬਾ
ਸ੍ਰੀਨਗਰ: ਇਥੇ ਪੀਡੀਪੀ ਦੀ ਪ੍ਰਧਾਨ ਮਹਬਿੂਬਾ ਮੁਫਤੀ ਨੇ ਭਾਜਪਾ ’ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਹ ਸਿਰਫ਼ ਕਸ਼ਮੀਰੀ ਪੰਡਤਾਂ ਦਾ ਸੋਸ਼ਣ ਕਰ ਰਹੀ ਹੈ ਪਰ ਉਨ੍ਹਾਂ ਦੇ ਭਲੇ ਲਈ ਕੁਝ ਨਹੀਂ ਕਰ ਰਹੀ। ਮਹਬਿੂਬਾ ਨੇ ਮੀਡੀਆ ਨੂੰ ਕਿਹਾ ਕਿ ਕਸ਼ਮੀਰੀ ਪੰਡਤਾਂ ਲਈ ਜੇਕਰ ਕੁਝ ਕੀਤਾ ਗਿਆ ਹੈ, ਜਿਵੇਂ ਉਨ੍ਹਾਂ ਨੂੰ ਤੰਬੂਆਂ ਤੋਂ ਫਲੈਟਾਂ ਵਿੱਚ ਤਬਦੀਲ ਕਰਨਾ, ਉਹ ਮਨਮੋਹਨ ਸਿੰਘ ਦੇ ਕਾਰਜਕਾਲ ਵਿੱਚ ਹੀ ਕੀਤਾ ਗਿਆ ਸੀ ਅਤੇ ਜਦੋਂ ਮੁਫਤੀ (ਮੁਹੰਮਦ ਸਈਦ) ਸਾਹਿਬ ਅਤੇ (ਗੁਲਾਮ ਨਬੀ) ਆਜ਼ਾਦ ਸਾਹਿਬ ਜਾਂ ਉਮਰ (ਅਬਦੁੱਲਾ) ਇੱਥੇ (ਮੁੱਖ ਮੰਤਰੀ ਵਜੋਂ) ਸਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਵਜੋਂ ਮਨਮੋਹਨ ਸਿੰਘ ਨੇ ਹੀ ਕਸ਼ਮੀਰੀ ਪੰਡਤਾਂ ਲਈ ਪ੍ਰਧਾਨ ਮੰਤਰੀ ਦਾ ਰੁਜ਼ਗਾਰ ਪੈਕੇਜ ਬਣਾਇਆ ਸੀ। ਭਾਜਪਾ ਨੇ ਕੀ ਕੀਤਾ ਹੈ?
ਉਪ ਰਾਜਪਾਲ ਨੇ ਭੱਟ ਦੇ ਪਰਿਵਾਰ ਨਾਲ ਦੁੱਖ ਜਤਾਇਆ
ਜੰਮੂ: ਅੱਜ ਇਥੇ ਉਪ ਰਾਜਪਾਲ ਮਨੋਜ ਸਿਨਹਾ ਨੇ ਅਤਿਵਾਦੀਆਂ ਵੱਲੋਂ ਕਤਲ ਕੀਤੇ ਕਸ਼ਮੀਰੀ ਪੰਡਿਤ ਕਲਰਕ ਰਾਹੁਲ ਭੱਟ ਦੇ ਘਰ ਜਾ ਕੇ ਉਸਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਉਪ ਰਾਜਪਾਲ ਨੇ ਜੰਮੂ ਦੇ ਬਾਹਰੀ ਇਲਾਕੇ ਬਨ ਤਾਲਾਬ ਵਿੱਚ ਦੁਖੀ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੇ ਮਾਤਾ-ਪਿਤਾ, ਪਤਨੀ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਹਮਦਰਦੀ ਪ੍ਰਗਟ ਕੀਤੀ। -ਪੀਟੀਆਈ