ਲਖਨਊ, 15 ਸਤੰਬਰ
ਉੱਤਰ ਪ੍ਰਦੇਸ਼ ਵਿਚ ‘ਅੱਬਾ ਜਾਨ’ ਤੋਂ ਬਾਅਦ ਹੁਣ ‘ਚਚਾ ਜਾਨ’ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਵਾਰ ਕਿਸਾਨ ਆਗੂ ਰਾਕੇਸ਼ ਟਿਕੈਤ ਵੱਲੋਂ ਏਆਈਐੱਮਆਈਐੱਮ ਦੇ ਪ੍ਰਧਾਨ ਅਸਦੂਦੀਨ ਓਵਾਇਸੀ ਨੂੰ ‘ਚਚਾ ਜਾਨ’ ਕਹੇ ਜਾਣਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ‘ਚਚਾ ਜਾਨ’ ਉਹ ਨਵਾਂ ਨਾਮ ਹੈ ਜੋ ਕਿ ਓਵਾਇਸੀ ਨੂੰ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਵੱਲੋਂ ਦਿੱਤਾ ਗਿਆ ਹੈ। ਰਾਕੇਸ਼ ਟਿਕੈਤ ਉੱਤਰ ਪ੍ਰਦੇਸ਼ ਵਿਚ ਵਿਧਾਨ ਸਭਾ ਚੋਣਾਂ ਲੜਨ ਸਬੰਧੀ ਏਆਈਐੱਮਆਈਐੱਮ ਦੇ ਫ਼ੈਸਲੇ ਨੂੰ ਲੈ ਕੇ ਓਵਾਇਸੀ ’ਤੇ ਵਰ੍ਹੇ। ਉਨ੍ਹਾਂ ਦਾਅਵਾ ਕੀਤਾ ਕਿ ਓਵਾਇਸੀ ਭਾਜਪਾ ਦੇ ਹੱਥਾਂ ਵਿਚ ਖੇਡ ਰਹੇ ਹਨ ਅਤੇ ਸ੍ਰੀ ਟਿਕੈਤ ਨੇ ਉਨ੍ਹਾਂ ਨੂੰ ਭਾਜਪਾ ਪਾਰਟੀ ਦਾ ‘ਚਚਾ ਜਾਨ’ ਦੱਸਿਆ। ਬਾਗਪਤ ਵਿਚ ਮੀਡੀਆ ਨਾਲ ਗੱਲਬਾਤ ਦੌਰਾਨ ਸ੍ਰੀ ਟਿਕੈਤ ਨੇ ਕਿਹਾ, ‘‘ਭਾਜਪਾ ਦੇ ਚੱਚਾ ਜਾਨ, ਅਸਦੂਦੀਨ ਉੱਤਰ ਪ੍ਰਦੇਸ਼ ਵਿਚ ਦਾਖ਼ਲ ਹੋ ਗਏ ਹਨ। ਜੇਕਰ ਉਹ ਭਾਜਪਾ ਨੂੰ ਗਾਲ੍ਹਾਂ ਕੱਢਣਗੇ ਤਾਂ ਭਾਜਪਾਈ ਉਨ੍ਹਾਂ ਖ਼ਿਲਾਫ਼ ਕੇਸ ਦਰਜ ਨਹੀਂ ਕਰਵਾਉਣਗੇ ਕਿਉਂਕਿ ਉਹ ਇੱਕੋ ਟੀਮ ਦੇ ਹਨ।’’ ਮਾਫੀਆ ਤੋਂ ਸਿਆਸਤਦਾਨ ਬਣੇ ਅਤੀਕ ਅਹਿਮਦ ਨੂੰ ਏਆਈਐੱਮਆਈਐੱਮ ਵੱਲੋਂ ਟਿਕਟ ਦੀ ਪੇਸ਼ਕਸ਼ ਕੀਤੇ ਜਾਣ ਬਾਰੇ ਗੱਲ ਕਰਦਿਆਂ ਸ੍ਰੀ ਟਿਕੈਤ ਨੇ ਕਿਹਾ, ‘‘ਪ੍ਰਗਿਆ ਠਾਕੁਰ (ਭੁਪਾਲ ਤੋਂ ਭਾਜਪਾ ਦੀ ਸੰਸਦ ਮੈਂਬਰ) ਅਤੇ ਉਸ ਦੇ ਪ੍ਰਮਾਣ ਪੱਤਰਾਂ ਬਾਰੇ ਕੀ ਖ਼ਿਆਲ ਹੈ?’’ ਜ਼ਿਕਰਯੋਗ ਹੈ ਕਿ ਤਿੰਨ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਕਿਸਾਨ ਸੰਘਰਸ਼ ਦੀ ਅਗਵਾਈ ਕਰਨ ਵਾਲੇ ਟਿਕੈਤ ਅੰਦੋਲਨ ਵਾਸਤੇ ਸਮਰਥਨ ਪ੍ਰਾਪਤ ਕਰਨ ਲਈ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਜ਼ਿਲ੍ਹਿਆਂ ਦਾ ਦੌਰਾ ਕਰ ਰਹੇ ਹਨ। -ਆਈਏਐੱਨਐੱਸ