ਨਵੀਂ ਦਿੱਲੀ, 29 ਅਪਰੈਲ
ਭਾਰਤੀ ਸੀਰਮ ਇੰਸਟੀਚਿਊਟ ਦੇ ਨਕਸ਼ੇ ਕਦਮ ’ਤੇ ਚਲਦਿਆਂ ਭਾਰਤ ਬਾਇਓਟੈੱਕ ਨੇ ਵੀ ਰਾਜਾਂ ਲਈ ਆਪਣੀ ਕੋਵਿਡ-19 ਵੈਕਸੀਨ ‘ਕੋਵੈਕਸੀਨ’ ਦੀ ਕੀਮਤ ਘਟਾ ਦਿੱਤੀ ਹੈ। ਹੈਦਰਾਬਾਦ ਅਧਾਰਿਤ ਕੰਪਨੀ ਵੱਲੋਂ ਹੁਣ ਰਾਜਾਂ ਨੂੰ ਇਹ ਵੈਕਸੀਨ 600 ਰੁਪਏ ਦੀ ਥਾਂ 400 ਰੁਪਏ ਪ੍ਰਤੀ ਖੁਰਾਕ ਦੇ ਭਾਅ ’ਤੇ ਵੇਚੀ ਜਾਵੇਗੀ। ਸੀਰਮ ਇੰਸਟੀਚਿਊਟ ਤੇ ਭਾਰਤ ਬਾਇਓਟੈੱਕ ਵੱਲੋਂ ਸ਼ੁਰੂਆਤ ਵਿੱਚ ਕਰੋਨਾ ਵੈਕਸੀਨ 150 ਰੁਪਏ ਪ੍ਰਤੀ ਖੁਰਾਕ ਦੇ ਹਿਸਾਬ ਨਾਲ ਵੇਚੀ ਗਈ ਹੈ। ਕੇਂਦਰ, ਸੂੁਬਾ ਸਰਕਾਰਾਂ ਤੇ ਨਿੱਜੀ ਹਸਪਤਾਲਾਂ ਲਈ ਕਰੋਨਾ ਵੈਕਸੀਨਾਂ ਦੀਆਂ ਵੱਖੋ ਵੱਖਰੀਆਂ ਕੀਮਤਾਂ ਲਈ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਦੀ ਜਵਾਬ ਤਲਬੀ ਕੀਤੀ ਸੀ। ਭਾਰਤ ਬਾਇਓਟੈੱਕ ਨੇ ਇਕ ਬਿਆਨ ਵਿੱਚ ਕਿਹਾ, ‘ਸਰਕਾਰੀ ਸਿਹਤ ਪ੍ਰਣਾਲੀ ਨੂੰ ਦਰਪੇਸ਼ ਚੁਣੌਤੀਆਂ ਕਾਰਨ ਸੂਬਿਆਂ ਨੂੰ ‘ਕੋਵੈਕਸੀਨ’ 400 ਰੁਪਏ ਪ੍ਰਤੀ ਖੁਰਾਕ ਦੇ ਹਿਸਾਬ ਨਾਲ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ।’ -ਪੀਟੀਆਈ