ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕ੍ਰਾਂਤੀਕਾਰੀ ਆਜ਼ਾਦੀ ਘੁਲਾਟੀਏ ਭਗਤ ਸਿੰਘ ਨੂੰ ਜਨਮ ਦਿਹਾੜੇ ਮੌਕੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸੂਰਮਗਤੀ ਸਦੀਆਂ ਤੱਕ ਲੋਕਾਂ ਨੂੰ ਪ੍ਰੇਰਿਤ ਕਰਦੀ ਰਹੇਗੀ। ਭਗਤ ਸਿੰਘ ਦਾ ਜਨਮ 28 ਸਤੰਬਰ 1907 ਨੂੰ ਪੰਜਾਬ ’ਚ ਹੋਇਆ ਸੀ। ਦੇਸ਼ ਦੀ ਆਜ਼ਾਦੀ ਲਈ ਬਰਤਾਨਵੀ ਹਕੂਮਤ ਖ਼ਿਲਾਫ਼ ਲੜਦਿਆਂ ਸਿਰਫ਼ 23 ਸਾਲ ਦੀ ਉਮਰ ਵਿੱਚ ਹੀ ਉਸਨੇ ਆਪਣੀ ਜ਼ਿੰਦਗੀ ਦੇਸ਼ ਦੇ ਲੇਖੇ ਲਾ ਦਿੱਤੀ, ਜਿਸ ਨੇ ਉਸਨੂੰ ਆਜ਼ਾਦੀ ਦੀ ਲੜਾਈ ਦੇ ਚੋਣਵੇਂ ਨਾਇਕਾਂ ਵਿੱਚ ਲਿਆ ਖੜ੍ਹਾ ਕੀਤਾ। ਪ੍ਰਧਾਨ ਮੰਤਰੀ ਨੇ ਟਵੀਟ ਕੀਤਾ, ‘ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਸੂਰਮਗਤੀ ਅਤੇ ਵੀਰਤਾ ਦੀ ਦਾਸਤਾਨ ਦੇਸ਼ ਵਾਸੀਆਂ ਨੂੰ ਸਦੀਆਂ ਤੱਕ ਪ੍ਰੇਰਿਤ ਕਰਦੀ ਰਹੇਗੀ।’ ਸ੍ਰੀ ਮੋਦੀ ਨੇ ਐਤਵਾਰ ਨੂੰ ਪ੍ਰਸਾਰਿਤ ਹੋਏ ਆਪਣੇ ਪ੍ਰੋਗਰਾਮ ‘ਮਨ ਕੀ ਬਾਤ’ ਦੀ ਕਲਿਪ ਵੀ ਟਵੀਟ ਨਾਲ ਪੋਸਟ ਕੀਤੀ ਹੈ, ਜਿਸ ਵਿੱਚ ਉਨ੍ਹਾਂ ਵੱਲੋਂ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਸੀ। -ਪੀਟੀਆਈ