ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਅੱਜ ਕਿਹਾ ਕਿ ਭਾਰਤ ਦੀ ਕੋਵਿਡ-19 ਨੂੰ ਭਾਂਜ ਦੇਣ ਲਈ ਪਿਛਲੇ ਸਾਲ ਦੇ ਮੁਕਾਬਲੇ ਐਤਕੀਂ ਭੌਤਿਕ ਤੇ ਮਾਨਸਿਕ ਤੌਰ ’ਤੇ ਬਿਹਤਰ ਤਿਆਰੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਦੀ ਨਿਸਬਤ ਸਾਡੇ ਕੋਲ ਕਰੋਨਾ ਮਹਾਮਾਰੀ ਨੂੰ ਹਰਾਉਣ ਲਈ ਵੱਧ ਤਜਰਬਾ ਹੈ। ਸ੍ਰੀ ਵਰਧਨ ਨੇ ਇਹ ਟਿੱਪਣੀ ਅੱਜ ਇਕ ਵੈੱਬਿਨਾਰ ਮੌਕੇ ਚੰਡੀਗੜ੍ਹ, ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਵਿੱਚ 13 ਵੱਖ ਵੱਖ ਥਾਵਾਂ ’ਤੇ ਲੜੀਵਾਰ ਖੂਨਦਾਨ ਕੈਂਪਾਂ ਦਾ ਉਦਘਾਟਨ ਕੀਤੇ ਜਾਣ ਮੌਕੇ ਕੀਤੀਆਂ। ਵੈੱਬਿਨਾਰ ਵਿੱਚ ਵਿੱਤ ਤੇ ਕਾਰਪੋਰੇਟ ਮਾਮਲਿਆਂ ਬਾਰੇ ਰਾਜ ਮੰਤਰੀ ਅਨੁਰਾਗ ਠਾਕੁਰ ਵੀ ਮੌਜੂਦ ਸਨ। ਸਿਹਤ ਮੰਤਰਾਲੇ ਨੇ ਇਕ ਬਿਆਨ ਵਿੱਚ ਕਿਹਾ ਕਿ ਖੂਨਦਾਨ ਕੈਂਪ ਕੰਪੀਟੈਂਟ ਫਾਊਂਡੇਸ਼ਨ ਵੱਲੋਂ ਵੱਖ ਵੱਖ ਐਸੋਸੀਏਸ਼ਨਾਂ, ਐੱਨਜੀਓ’ਜ਼ ਤੇ ਬਲੱਡ ਬੈਂਕਾਂ ਦੇ ਸਹਿਯੋਗ ਨਾਲ ਲਗਾਏ ਗਏ ਸਨ। ਵੈੱਂਬਿਨਾਰ ਨੂੰ ਸੰਬੋਧਨ ਕਰਦਿਆਂ ਵਰਧਨ ਨੇ ਫਾਊਂਡੇਸ਼ਨ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਸਾਲ ’ਚ ਇਕ ਵਾਰ ਆਪਣੇ ਜਨਮਦਿਨ ਮੌਕੇ ਖੂਨਦਾਨ ਜ਼ਰੂਰ ਕਰਨ ਕਿਉਂਕਿ ਇਹ ਮਨੁੱਖਤਾ ਲਈ ਵੱਡੀ ਮਦਦ ਹੋਵੇਗੀ। ਉਨ੍ਹਾਂ ਖੂਨਦਾਨ ਕੈਂਪਾਂ ਦੌਰਾਨ ਕੋਵਿਡ ਨੇਮਾਂ, ਸੇਧਾਂ ਤੇ ਹੋਰ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਏ ਜਾਣ ਦੀ ਸ਼ਲਾਘਾ ਕੀਤੀ। -ਪੀਟੀਆਈ