ਕੋਲਕਾਤਾ: ਪਦਮ ਭੂਸ਼ਣ ਬਾਂਗਲਾ ਕਵੀ ਸ਼ੰਖ ਘੋਸ਼ (89) ਦਾ ਅੱਜ ਸਵੇਰੇ ਕਰੋਨਾ ਕਾਰਨ ਦੇਹਾਂਤ ਹੋ ਗਿਆ। ਸ੍ਰੀ ਘੋਸ਼ 14 ਅਪਰੈਲ ਨੂੰ ਕਰੋਨਾ ਪਾਜ਼ੇਟਿਵ ਮਿਲੇ ਸਨ ਅਤੇ ਉਸ ਮਗਰੋਂ ਉਹ ਘਰ ’ਚ ਇਕਾਂਤਵਾਸ ’ਚ ਰਹਿ ਰਹੇ ਸਨ। ਪਰਿਵਾਰ ਨੇ ਕਿਹਾ ਕਿ ਮੰਗਲਵਾਰ ਦੇਰ ਰਾਤ ਉਨ੍ਹਾਂ ਦੀ ਤਬੀਅਤ ਅਚਾਨਕ ਵਿਗੜ ਗਈ ਅਤੇ ਅੱਜ ਸਵੇਰੇ ਸਾਢੇ 8 ਵਜੇ ਉਨ੍ਹਾਂ ਦਮ ਤੋੜ ਦਿੱਤਾ। ਸ੍ਰੀ ਘੋਸ਼ ਨੂੰ ਰਾਬਿੰਦਰਨਾਥ ਟੈਗੋਰ ਦੀ ਸਾਹਿਤਕ ਵਿਰਾਸਤ ਨੂੰ ਅੱਗੇ ਵਧਾਉਣ ਵਾਲਾ ਰਚਨਾਕਾਰ ਮੰਨਿਆ ਜਾਂਦਾ ਹੈ। ਉਨ੍ਹਾਂ ਦੀਆਂ ਲਿਖੀਆਂ ਕਿਤਾਬਾਂ ’ਚੋਂ ‘ਆਦਿਮ ਲਤਾ-ਗੁਲਮੋਮੇਅ’ ਅਤੇ ‘ਮੂਰਖ ਬੜੋ ਸਮਝਾਇਕ ਨੇਯ’ ਬਹੁਤ ਪ੍ਰਸਿੱਧ ਹੋਈਆਂ ਸਨ। ਉਨ੍ਹਾਂ ਨੂੰ 1977 ’ਚ ‘ਬਾਬਰੇਰ ਪ੍ਰਾਰਥਨਾ’ ਲਈ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਸੀਪੀਐੱਮ ਆਗੂ ਸੁਜਾਨ ਚੱਕਰਵਰਤੀ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸ੍ਰੀ ਘੋਸ਼ ਦੇ ਦੇਹਾਂਤ ’ਤੇ ਅਫ਼ਸੋਸ ਪ੍ਰਗਟਾਇਆ ਹੈ। -ਪੀਟੀਆਈ