ਕੋਲਕਾਤਾ, 16 ਮਈ
ਪੱਛਮੀ ਬੰਗਾਲ ਵਿਚ ਲੌਕਡਾਊਨ ਦੇ ਪਹਿਲੇ ਦਿਨ ਅੱਜ ਸੜਕਾਂ ਸੁੰਨਸਾਨ ਨਜ਼ਰ ਆਈਆਂ ਤੇ ਪੁਲੀਸ ਨੇ ਪੂਰੀ ਚੌਕਸੀ ਵਰਤੀ। ਕੁਝ ਥਾਈਂ ਪਾਬੰਦੀਆਂ ਦੀ ਉਲੰਘਣਾ ਜ਼ਰੂਰ ਸਾਹਮਣੇ ਆਈ ਪਰ ਜ਼ਿਆਦਾਤਰ ਸੂਬਾ ਬੰਦ ਹੀ ਰਿਹਾ। ਕੋਵਿਡ ਦੇ ਕੇਸ ਵਧਣ ਕਾਰਨ ਸੂਬੇ ਵਿਚ ਪੂਰੀ ਤਰ੍ਹਾਂ ਲੌਕਡਾਊਨ ਲਾਗੂ ਕੀਤਾ ਗਿਆ ਹੈ। ਸਿਰਫ਼ ਸਵੇਰੇ 7-10 ਵਜੇ ਤੱਕ ਲੋਕਾਂ ਨੂੰ ਜ਼ਰੂਰੀ ਚੀਜ਼ਾਂ ਖ਼ਰੀਦਣ ਦੀ ਖੁੱਲ੍ਹ ਦਿੱਤੀ ਗਈ ਹੈ। ਅੱਜ ਸਵੇਰੇ ਲੋਕ ਕਰਿਆਨਾ ਦੁਕਾਨਾਂ ਅੱਗੇ ਕਤਾਰਾਂ ਬੰਨ੍ਹ ਕੇ ਖੜ੍ਹੇ ਨਜ਼ਰ ਆਏ। ਇਸ ਤੋਂ ਇਲਾਵਾ ਸਬਜ਼ੀਆਂ ਤੇ ਮੱਛੀ ਦੀਆਂ ਦੁਕਾਨਾਂ ਅੱਗੇ ਵੀ ਲੋਕ ਕਤਾਰਾਂ ਵਿਚ ਖੜ੍ਹੇ ਰਹੇ। ਕੋਲਕਾਤਾ ਸ਼ਹਿਰ ਦੇ ਅਤੇ ਬਾਹਰਲੇ ਕੁਝ ਬਾਜ਼ਾਰਾਂ ਵਿਚ ਲੋਕਾਂ ਨੇ ਇਕ-ਦੂਜੇ ਤੋਂ ਦੂਰੀ ਕਾਇਮ ਨਹੀਂ ਰੱਖੀ ਤੇ ਦੁਕਾਨਦਾਰ ਵੀ ਬਿਨਾਂ ਮਾਸਕ ਤੋਂ ਨਜ਼ਰ ਆਏ। ਮਾਨਿਕਤਲਾ, ਲੇਕ ਟਾਊਨ, ਆਸਨਸੋਲ ਤੇ ਪੁਰੂਲੀਆ ਵਿਚ ਕਈ ਥਾਂਈਂ ਪੁਲੀਸ ਨੇ ਦਸ ਵਜੇ ਤੋਂ ਬਾਅਦ ਦੁਕਾਨਾਂ ਬੰਦ ਕਰਵਾਈਆਂ। ਪੁਲੀਸ ਨੇ ਕਿਹਾ ਕਿ ਲੋਕਾਂ ਵਿਚ ਲੌਕਡਾਊਨ ਬਾਰੇ ਜਾਗਰੂਕਤਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਟਰਾਂਸਪੋਰਟ ਉਤੇ ਲਾਈ ਪਾਬੰਦੀ ਕਾਰਨ ਕੋਈ ਵਾਹਨ ਮਾਰਗਾਂ ਉਤੇ ਨਜ਼ਰ ਨਹੀਂ ਆਇਆ। ਕੁਝ ਪ੍ਰਾਈਵੇਟ ਵਾਹਨ ਬਿਨਾਂ ਕਾਰਨ ਸੜਕਾਂ ’ਤੇ ਘੁੰਮਦੇ ਪੁਲੀਸ ਨੇ ਰੋਕੇ ਤੇ ਕਾਰਵਾਈ ਕੀਤੀ ਗਈ। ਸ਼ਹਿਰ ਵਿਚ ਮੈਟਰੋ ਸੇਵਾ ਵੀ ਬੰਦ ਰਹੀ ਤੇ ਫਰੰਟਲਾਈਨ ਵਰਕਰਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਧਾਰਮਿਕ ਥਾਵਾਂ ’ਚ ਵੀ ਸ਼ਰਧਾਲੂਆਂ ਨੂੰ ਦਾਖਲ ਨਹੀਂ ਹੋਣ ਦਿੱਤਾ ਗਿਆ। -ਆਈਏਐਨਐੱਸ