ਜੌਏਪੁਰ (ਪੱਛਮੀ ਬੰਗਾਲ), 25 ਮਾਰਚ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਦਸ ਸਾਲਾਂ ਦੇ ਕਾਰਜਕਾਲ ਦੌਰਾਨ ਪੱਛਮੀ ਬੰਗਾਲ ਵਿੱਚ ਕੋਈ ਵਿਕਾਸ ਨਹੀਂ ਹੋਇਆ ਅਤੇ ਸੂਬਾ ਪੱਛੜ ਕੇ 19ਵੀਂ ਸਦੀ ਵਿੱਚ ਚਲਾ ਗਿਆ ਹੈ ਅਤੇ ਤ੍ਰਿਣਮੂਲ ਕਾਂਗਰਸ ਨੇ ਪਿਛਲੀ ਖੱਬੇ ਮੋਰਚੇ ਦੀ ਸਰਕਾਰ ਵਾਂਗ ਹੀ ਸੂਬੇ ਦੇ ਲੋਕਾਂ ਨਾਲ ਬੇਇਨਸਾਫ਼ੀ ਕੀਤੀ ਹੈ। ਰਾਜਨਾਥ ਨੇ ਪੁਰੂਲੀਆ ਜ਼ਿਲ੍ਹੇ ਵਿੱਚ ਜਨਤਕ ਮੀਟਿੰਗ ਦੌਰਾਨ ਟੀਐੱਮਸੀ ਦੇ ਪ੍ਰਸਿੱਧ ‘ਖੇਲਾ ਹੋਬੇ’ (ਖੇਡ ਹੋਵੇਗੀ) ਨਾਅਰੇ ’ਤੇ ਤਨਜ ਕੱਸਦਿਆਂ ਕਿਹਾ ਕਿ ਬੰਗਾਲ ਹੁਣ ਸਿਰਫ਼ ਕੰਮ ਅਤੇ ਵਿਕਾਸ ਦੀ ਸ਼ਾਹਦੀ ਭਰੇਗਾ। ਟੀਐੱਮਸੀ ਸੁਪਰੀਮੋ ’ਤੇ ਭੜਕਾਊ ਅਤੇ ਹਿੰਸਾ ਨੂੰ ਉਤਸ਼ਾਹਤ ਕਰਨ ਵਾਲੇ ਭਾਸ਼ਣ ਦੇਣ ਦਾ ਦੋਸ਼ ਲਾਉਂਦਿਆਂ ਕੇਂਦਰੀ ਮੰਤਰੀ ਨੇ ਹੈਰਾਨੀ ਜਤਾਈ ਕਿ ਹੋਰ ਸੂਬਿਆਂ ਤੋਂ ਬੰਗਾਲ ਵਿੱਚ ਆਉਣ ਵਾਲਿਆਂ ਨੂੰ ਵਾਰ-ਵਾਰ ਬਾਹਰੀ ਲੋਕ ਆਖ ਕੇ ਮੁੱਖ ਮੰਤਰੀ ‘ਦੇਸ਼ ਨੂੰ ਵੰਡਣ ਦੀ ਕੋਸ਼ਿਸ਼’ ਕਰ ਰਹੀ ਹੈ। ਉਨ੍ਹਾਂ ਜਾਣਨ ਦੀ ਕੋਸ਼ਿਸ਼ ਕੀਤੀ ਕਿ ਕੀ ਹੋਰ ਸੂਬਿਆਂ ਵਿੱਚ ਬੰਗਾਲ ਦੇ ਲੋਕਾਂ ਨੂੰ ਬਾਹਰੀ ਲੋਕ ਮੰਨਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਾਰੇ ਲੋਕ ਭਾਰਤ ਦੀ ਮਿੱਟੀ ਦੇ ਜੰਮਪਲ ਹਨ ਅਤੇ ਉਹ ਇੱਕ-ਦੂਜੇ ਦੇ ਭਰਾ ਹਨ।’’ -ਪੀਟੀਆਈ