ਬਰਦਵਾਨ/ਸਾਲਟ ਲੇਕ/ਸਿਲੀਗੁੜੀ, 17 ਅਪਰੈਲ
ਪੱਛਮੀ ਬੰਗਾਲ ਵਿਚ ਵਿਧਾਨ ਸਭਾ ਚੋਣਾਂ ਦੇ ਪੰਜਵੇਂ ਗੇੜ ਲਈ ਅੱਜ ਜਿਨ੍ਹਾਂ ਖੇਤਰਾਂ ਵਿਚ ਵੋਟਿੰਗ ਹੋ ਰਹੀ ਹੈ ਉੱਥੇ ਹਿੰਸਾ ਦੀਆਂ ਛੋਟੀ-ਛੋਟੀ ਘਟਨਾਵਾਂ ਵਾਪਰੀਆਂ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਦੱਖਣੀ ਬੰਗਾਲ ਵਿੱਚ ਉੱਤਰ 24 ਪਰਗਨਾ, ਪੂਰਬ ਵਰਧਮਾਨ ਤੇ ਨਾਦੀਆ ਅਤੇ ਉੱਤਰ ਬੰਗਾਲ ਵਿਚ ਜਲਪਾਈਗੁੜੀ, ਦਾਰਜਲਿੰਗ ਤੇ ਕਲਿੰਪੌਂਗ ਜ਼ਿਲ੍ਹਿਆਂ ਦੀਆਂ 45 ਸੀਟਾਂ ’ਤੇ ਵੋਟਿੰਗ ਜਾਰੀ ਹੈ। ਮੁੱਖ ਚੋਣ ਅਧਿਕਾਰੀ ਦਫ਼ਤਰ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਕਰਮੀ ਹਾਲਾਤ ’ਤੇ ਨਜ਼ਰ ਰੱਖ ਰਹੇ ਹਨ ਅਤੇ ਕੁਝ ਹਿੰਸਕ ਘਟਨਾਵਾਂ ਸਾਹਮਣੇ ਆਈਆਂ ਜਿਨ੍ਹਾਂ ਨੂੰ ਸੰਭਾਲ ਲਿਆ ਗਿਆ ਹੈ। ਵਿਧਾਨ ਨਗਰ ਦੇ ਸ਼ਾਂਤੀਨਗਰ ਖੇਤਰ ਵਿਚ ਤ੍ਰਿਣਮੂਲ ਕਾਂਗਰਸ ਤੇ ਭਾਜਪਾ ਸਮਰਥਕਾਂ ਵਿਚਾਲੇ ਝੜਪ ਹੋਈ ਅਤੇ ਦੋਹਾਂ ਪੱਖਾਂ ਨੇ ਇਕ-ਦੂਜੇ ’ਤੇ ਵੋਟਰਾਂ ਨੂੰ ਵੋਟ ਪਾਉਣ ਜਾਣ ਤੋਂ ਰੋਕਣ ਦੇ ਦੋਸ਼ ਲਾਏ। ਅਧਿਕਾਰੀਆਂ ਨੇ ਦੱਸਿਆ ਕਿ ਕਾਰਕੁਨਾਂ ਨੇ ਇੱਟਾਂ-ਪੱਥਰ ਮਾਰੇ ਜਿਸ ਕਾਰਨ ਅੱਠ ਜਣੇ ਜ਼ਖ਼ਮੀ ਹੋ ਗਏ। ਇਸੇ ਤਰ੍ਹਾਂ ਸਿਲੀਗੁੜੀ ਵਿੱਚ ਵੋਟਿੰਗ ਕੇਂਦਰ ਦੇ ਬਾਹਰ ਤ੍ਰਿਣਮੂਲ ਕਾਂਗਰਸ ਤੇ ਸੀਪੀਐੱਮ ਦੇ ਕਾਰਕੁਨਾਂ ਵਿਚਾਲੇ ਝੜਪ ਹੋਈ। ਤ੍ਰਿਣਮੂਲ ਕਾਂਗਰਸ ਨੇ ਨਾਦੀਆ ਜ਼ਿਲ੍ਹੇ ਦੇ ਸ਼ਾਂਤੀਪੁਰ ਖੇਤਰ ਵਿਚ ਕੇਂਦਰੀ ਬਲਾਂ ਦੇ ਇਕ ਕਰਮੀ ’ਤੇ ਵੋਟਰਾਂ ਨੂੰ ਵਾਪਸ ਜਾਣ ਲਈ ਕਹਿਣ ਦਾ ਦੋਸ਼ ਲਾਇਆ ਜਿਸ ਨੂੰ ਅਧਿਕਾਰੀਆਂ ਨੇ ਖਾਰਜ ਕਰ ਦਿੱਤਾ। ਇਸੇ ਤਰ੍ਹਾਂ ਤ੍ਰਿਣਮੂਲ ਕਾਂਗਰਸ ਨੇ ਦੋਸ਼ ਲਾਇਆ ਕਿ ਬਰਧਮਾਨ ਉੱਤਰ ਤੇ ਚੋਣ ਖੇਤਰ ਵਿਚ ਇਕ ਵੋਟਿੰਗ ਸੈਂਟਰ ’ਤੇ ਭਾਜਪਾ ਨੇ ਕਬਜ਼ਾ ਕਰ ਲਿਆ। ਵਿਰੋਧੀ ਧਿਰ ਨੇ ਇਸ ਦੋਸ਼ ਨੂੰ ਰੱਦ ਕੀਤਾ ਅਤੇ ਚੋਣ ਅਧਿਕਾਰੀਆਂ ਨੇ ਕਿਹਾ ਕਿ ਅਜਿਹੀ ਕੋਈ ਘਟਨਾ ਨਹੀਂ ਹੋਈ ਹੈ। ਉੱਤਰ 24 ਪਰਗਨਾ ਦੇ ਬੀਜਾਪੁਰ ਵਿਚ ਵਿਰੋਧੀ ਦਲ ਨੇ ਦੋਸ਼ ਲਾਇਆ ਕਿ ਵੋਟਰਾਂ ਨੂੰ ਵੋਟਿੰਗ ਸੈਂਟਰ ਵਿਚ ਜਾਣ ਨਹੀਂ ਦਿੱਤਾ ਜਾ ਰਿਹਾ ਹੈ ਜਿਸ ਕਰ ਕੇ ਤ੍ਰਿਣਮੂਲ ਕਾਂਗਰਸ ਤੇ ਭਾਜਪਾ ਸਮਰਥਕਾਂ ਵਿਚਾਲੇ ਝੜਪ ਹੋਈ। ਉੱਧਰ, ਭਾਜਪਾ ਨੇ ਇਸੇ ਜ਼ਿਲ੍ਹੇ ਦੇ ਮਿਨਖਾ ਚੋਣ ਖੇਤਰ ਵਿਚ ਉਨ੍ਹਾਂ ਦੇ ਕੁਝ ਬੂਥ ਏਜੰਟਾਂ ਨੂੰ ਅਗਵਾ ਕੀਤੇ ਜਾਣ ਦੇ ਦੋਸ਼ ਲਾਏ। ਤ੍ਰਿਣਮੂਲ ਕਾਂਗਰਸ ਨੇ ਕਿਹਾ ਕਿ ਭਾਜਪਾ ਕੋਲ ਸਾਰੇ ਬੂਥਾਂ ’ਤੇ ਤਾਇਨਾਤ ਕਰਨ ਲਈ ਪੋਲਿੰਗ ਏਜੰਟ ਨਹੀਂ ਹਨ, ਇਸ ਵਾਸਤੇ ਇਸ ਤਰ੍ਹਾਂ ਦੇ ਨਿਰਆਧਾਰ ਦੋਸ਼ ਲਾਏ ਜਾ ਰਹੇ ਹਨ।