ਟ੍ਰਿਬਿਊਨ ਨਿਊਜ਼ ਸਰਿਵਸ
ਨਵੀਂ ਦਿੱਲੀ, 2 ਮਈ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ ਟੀਐੱਮਸੀ ਦੀ ਸੁਪਰੀਮੋ ਮਮਤਾ ਬੈਨਰਜੀ ਨੰਦੀਗ੍ਰਾਮ ਸੀਟ ’ਤੇ ਆਪਣੇ ਪੁਰਾਣੇ ਸਹਿਯੋਗੀ ਤੇ ਭਾਜਪਾ ਉਮੀਦਵਾਰ ਸ਼ੁਭੇਂਦੂ ਅਧਿਕਾਰੀ ਤੋਂ ਹਾਰ ਗਈ। ਇਸ ਹਲਕੇ ਵਿੱਚ ਅਧਿਕਾਰੀ ਨੇ ਮਮਤਾ ਨੂੰ ਤਕੜੀ ਟੱਕਰ ਦਿੱਤੀ ਸੀ। ਮਮਤਾ ਸਵੇਰੇ 8,000 ਤੋਂ ਵੱਧ ਵੋਟਾਂ ਨਾਲ ਪਿੱਛੇ ਚੱਲ ਰਹੀ ਸੀ ਪਰ ਬਾਅਦ ਵਿੱਚ ਉਹ ਅੱਗੇ ਹੋ ਗਈ। ਇਸ ਤੋਂ ਬਾਅਦ ਉਹ ਮੁੜ ਪੱਛੜ ਗਈ। ਬਾਅਦ ਦੁਪਹਿਰ 3.29 ਵਜੇ ਤੱਕ ਵੋਟਾਂ ਦੀ ਗਿਣਤੀ ਦੇ 16ਵੇਂ ਗੇੜ ਤੱਕ ਮਮਤਾ 6 ਵੋਟਾਂ ਨਾਲ ਪੱਛੜ ਰਹੀ ਸੀ ਤੇ ਉਸ ਤੋਂ ਬਾਅਦ ਉਨ੍ਹਾਂ ਮੁੜ ਲੀਡ ਹਾਸਲ ਕਰ ਲਈ। ਸਾਰਿਆਂ ਦੀ ਨਜ਼ਰ 17ਵੇਂ ਗੇੜ ’ਤੇ ਸੀ। ਆਖ਼ਰੀ ਗੇੜ ਵਿੱਚ ਅਧਿਕਾਰੀ 1700 ਦੇ ਲਗਪਗ ਵੋਟਾਂ ਦੇ ਫ਼ਰਕ ਨਾਲ ਜਿੱਤ ਗਿਆ। ਬੰਗਾਲ ਵਿੱਚ ਚੋਣ ਨਤੀਜਿਆਂ ਦੌਰਾਨ ਟੀਐੱਮਸੀ ਵੱਲੋਂ ਹੂੰਝਾ ਫੇਰੂ ਜਿੱਤ ਦਰਜ ਕਰਨ ਮਗਰੋਂ ਮਮਤਾ ਬੈਨਰਜੀ ਨੇ ਕਿਹਾ ਕਿ ਉਹ ਨੰਦੀਗ੍ਰਾਮ ਦੇ ਲੋਕਾਂ ਦੇ ਫ਼ੈਸਲੇ ਦਾ ਸਨਮਾਨ ਕਰਦੀ ਹੈ। ਹਾਲਾਂਕਿ ਅਧਿਕਾਰਤ ਤੌਰ ’ਤੇ ਨੰਦੀਗ੍ਰਾਮ ਹਲਕੇ ਦਾ ਨਤੀਜਾ ਨਹੀਂ ਐਲਾਨਿਆ ਗਿਆ। ਭਾਜਪਾ ਦੀ ਜਿੱਤ ਨੂੰ ਵਿਵਾਦਿਤ ਦੱਸਿਆ ਜਾ ਰਿਹਾ ਹੈ। ਮਮਤਾ ਨੇ ਕਿਹਾ ਕਿ ਇਸ ‘ਨਤੀਜੇ’ ਖ਼ਿਲਾਫ਼ ਅਦਾਲਤ ਦਾ ਦਰਵਾਜਾ ਖੜਕਾਵੇਗੀ। -ਪੀਟੀਆਈ