ਨਵੀਂ ਦਿੱਲੀ, 4 ਮਾਰਚ
ਸਾਈਬਰ ਸਕਿਉਰਿਟੀ ਨਾਲ ਜੁੜੇ ਖੋਜਾਰਥੀ ਨੇ ਪੱਛਮੀ ਬੰਗਾਲ ਸਰਕਾਰ ਵੱਲੋਂ ਚਲਾਏ ਜਾਂਦੇ ਪੋਰਟਲ ਵਿੱਚ ਸੁਰੱਖਿਆ ਖਾਮੀਆਂ ਦਾ ਦਾਅਵਾ ਕੀਤਾ ਹੈ। ਮੀਡੀਆ ਰਿਪੋਰਟ ਨੇ ਖੋਜਾਰਥੀ ਦੇ ਹਵਾਲੇ ਨਾਲ ਕਿਹਾ ਕਿ ਇਨ੍ਹਾਂ ਖਾਮੀਆਂ ਕਰਕੇ ਕਰੋਨਾਵਾਇਰਸ ਦੀ ਜਾਂਚ ਲਈ ਗਏ ਲੱਖਾਂ ਲੋਕਾਂ ਦੀਆਂ ਲੈਬ ਰਿਪੋਰਟਾਂ ਦਾ ਡੇਟਾ ਕਥਿਤ ਲੀਕ ਹੋ ਗਿਆ ਹੈ। ਉਧਰ ਸੂੁਬਾ ਸਰਕਾਰ ਨੇ ਖੋਜਾਰਥੀ ਦੇ ਇਨ੍ਹਾਂ ਦਾਅਵਿਆਂ ਬਾਰੇ ਅਧਿਕਾਰਤ ਤੌਰ ’ਤੇ ਕੋਈ ਪ੍ਰਤੀਕਰਮ ਨਹੀਂ ਦਿੱਤਾ ਹੈ। ਸੁਰੱਖਿਆ ਖੋਜਾਰਥੀ ਸੌਰਾਜੀਤ ਮਜੂਮਦਾਰ ਨੇ ਟੈੱਕਕਰੰਚ ਨੂੰ ਦੱਸਿਆ ਕਿ ਸਬੰਧਤ ਵੈੱਬਸਾਈਟ (ਪੋਰਟਲ) ਪੱਛਮੀ ਬੰਗਾਲ ਸਰਕਾਰ ਵੱਲੋਂ ਚਲਾਏ ਵਿਸ਼ਾਲ ਕਰੋਨਾਵਾਇਰਸ ਟੈਸਟਿੰਗ ਪ੍ਰੋਗਰਾਮ ਦਾ ਹਿੱਸਾ ਹੈ। ਖੋਜਾਰਥੀ ਨੇ ਕਿਹਾ ਕਿ ਕੋਵਿਡ-19 ਟੈਸਟ ਦਾ ਨਤੀਜਾ ਆਉਣ ਮਗਰੋਂ ਸਰਕਾਰ ਮਰੀਜ਼ ਨੂੰ ਵੈੱਬਸਾਈਟ ਦੇ ਲਿੰਕ ਨਾਲ ਟੈਕਸਟ ਸੁਨੇਹਾ ਭੇਜਦੀ ਹੈ, ਜਿਸ ਵਿੱਚ ਟੈਸਟ ਦਾ ਨਤੀਜਾ ਹੁੰਦਾ ਹੈ। ਇਨ੍ਹਾਂ ਲੀਕ ਹੋਈਆਂ ਲੈਬ ਰਿਪੋਰਟਾਂ ’ਚ ਮਰੀਜ਼ ਦਾ ਨਾਮ, ਲਿੰਗ, ਉਮਰ, ਪੋਸਟਲ ਪਤਾ ਤੇ ਲੈਬ ਟੈਸਟ ਦੇ ਨਤੀਜੇ (ਪਾਜ਼ੇਟਿਵ, ਨੈਗੇਟਿਵ ਜਾਂ ਬੇਸਿੱਟਾ) ਦੀ ਤਫਸੀਲ ਹੈ। ਸਾਈਬਰ ਸੁਰੱਖਿਆ ਖੋਜਾਰਥੀ ਨੇ ਚੇਤਾਵਨੀ ਦਿੱਤੀ ਕਿ ਹੈਕਰ ਆਸਾਨੀ ਨਾਲ ਇਸ ਡੇਟਾ ਤੱਕ ਪਹੁੰਚ ਕਰਕੇ ਭੋਲੇ ਭਾਲੇ ਲੋਕਾਂ ਦਾ ਸ਼ੋਸ਼ਣ ਕਰ ਸਕਦੇ ਹਨ। ਉਧਰ ਵੈੱਬਸਾਈਟ ਚਲਾਉਣ ਵਾਲੀ ਟੀਮ ਨੇ ਮਜੂਮਦਾਰ ਵੱਲੋਂ ਭੇਜੀ ਈਮੇਲ ਦਾ ਜਵਾਬ ਨਹੀਂ ਦਿੱਤਾ। -ਆਈਏਐੱਨਐੱਸ