ਕੋਲਕਾਤਾ, 13 ਸਤੰਬਰ
ਭਾਜਪਾ ਕਾਰਕੁਨਾਂ ਵੱਲੋਂ ਅੱਜ ਤ੍ਰਿਣਮੂਲ ਕਾਂਗਰਸ ਸਰਕਾਰ ਖ਼ਿਲਾਫ਼ ਸਕੱਤਰੇਤ ਵੱਲ ਕੀਤੇ ਜਾ ਰਹੇ ਰੋਸ ਮਾਰਚ ਦੌਰਾਨ ਪਾਰਟੀ ਵਰਕਰਾਂ ਅਤੇ ਪੁਲੀਸ ਵਿਚਾਲੇ ਝੜਪ ਹੋ ਗਈ। ਇਸ ਦੌਰਾਨ ਭਾਜਪਾ ਆਗੂ ਮੀਨਾ ਦੇਵੀ ਪੁਰੋਹਿਤ ਅਤੇ ਸਵਪਨ ਦਾਸਗੁਪਤਾ ਤੋਂ ਇਲਾਵਾ ਕਈ ਪੁਲੀਸ ਅਧਿਕਾਰੀ ਜ਼ਖ਼ਮੀ ਹੋ ਗਏ। ਮਾਰਚ ਦੌਰਾਨ ਪੁਲੀਸ ਨੇ ਵਿਰੋਧੀ ਧਿਰ ਦੇ ਨੇਤਾ ਸੁਵੇਂਦੂ ਅਧਿਕਾਰੀ, ਹੁਗਲੀ ਤੋਂ ਸੰਸਦ ਮੈਂਬਰ ਲਾਕੇਟ ਚੈਟਰਜੀ ਅਤੇ ਸੀਨੀਅਰ ਆਗੂ ਰਾਹੁਲ ਸਿਨਹਾ ਨੂੰ ਹਿਰਾਸਤ ਵਿੱਚ ਲਿਆ। ਇਸ ਦੌਰਾਨ ਭਾਜਪਾ ਕਾਰਕੁਨਾਂ ਨੇ ਜਦੋਂ ਪੁਲੀਸ ਵੱਲੋਂ ਲਾਈਆ ਗਈਆਂ ਰੋਕਾਂ ਪਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਨੇ ਉਨ੍ਹਾਂ ’ਤੇ ਅੱਥਰੂ ਗੈਸ ਦੇ ਗੋਲੇ ਸੁੱਟੇ ਅਤੇ ਪਾਣੀ ਦੀਆਂ ਬੁਛਾੜਾਂ ਕੀਤੀਆਂ।
ਹਿਰਾਸਤ ਵਿੱਚ ਲਏ ਜਾਣ ਤੋਂ ਪਹਿਲਾਂ ਅਧਿਕਾਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਧਿਕਾਰੀ ਨੇ ਕਿਹਾ, ‘‘ਸਭ ਨੇ ਦੇਖਿਆ ਕਿ ਕਿਸ ਤਰ੍ਹਾਂ ਪੱਖਪਾਤੀ ਪੁਲੀਸ ਨੇ ਸਕੱਤਰੇਤ ਦੇ ਬਾਹਰ ਪ੍ਰਦਰਸ਼ਨ ਕਰਨ ਦੇ ਜਮਹੂਰੀ ਹੱਕ ਨੂੰ ਖੋਰਾ ਲਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਇੱਕ ਮਹਿਲਾ ਕਾਂਸਟੇਬਲ ਵੱਲੋਂ ਮੇਰੇ ਨਾਲ ਹੱਥੋਪਾਈ ਵੀ ਕੀਤੀ ਗਈ।’’
ਜਾਣਕਾਰੀ ਅਨੁਸਾਰ ਸੰਤਰਾਗਾਛੀ ਵਿੱਚ ਪ੍ਰਦਰਸ਼ਨਕਾਰੀਆਂ ਦਾ ਪਿੱਛਾ ਕਰਦੀ ਪੁਲੀਸ ’ਤੇ ਪਥਰਾਅ ਕੀਤਾ ਗਿਆ। ਅਜਿਹਾ ਹੀ ਦ੍ਰਿਸ਼ ਹਾਵੜਾ, ਕੋਲਕਾਤਾ ਦੇ ਲਾਲ ਬਾਜ਼ਾਰ ਅਤੇ ਐੱਮਜੀ ਰੋਡ ਖੇਤਰਾਂ ਵਿੱਚ ਦੇਖਣ ਨੂੰ ਮਿਲਿਆ, ਜਿੱਥੇ ਹਿੰਸਕ ਪ੍ਰਦਰਸ਼ਨਕਾਰੀਆਂ ਤੇ ਪੁਲੀਸ ਵਿਚਾਲੇ ਝੜਪ ਹੋਈ। ਲਾਲ ਬਾਜ਼ਾਰ ਵਿੱਚ ਪੁਲੀਸ ਦੀ ਗੱਡੀ ਨੂੰ ਅੱਗ ਲਾ ਦਿੱਤੀ ਗਈ। ਕੋਲਕਾਤਾ ਪੁਲੀਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਕਿਸੇ ਵੀ ਪ੍ਰਦਰਸ਼ਨਕਾਰੀ ਦੇ ਗੰਭੀਰ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ ਪਰ ਕੁੱਝ ਪੁਲੀਸ ਮੁਲਾਜ਼ਮ ਜ਼ਰੂਰ ਜ਼ਖ਼ਮੀ ਹੋਏ ਹਨ। ਪ੍ਰਦਰਸ਼ਨਕਾਰੀਆਂ ਨੂੰ ਅੱਗੇ ਜਾਣ ਤੋਂ ਰੋਕੇ ਜਾਣ ’ਤੇ ਭਾਜਪਾ ਦੇ ਸੂਬਾ ਪ੍ਰਧਾਨ ਸੁਕਾਂਤਾ ਮਜੂਮਦਾਰ ਨੇ ਹਾਵੜਾ ’ਚ ਧਰਨਾ ਦਿੱਤਾ। ਇਸ ਮੌਕੇ ਮਜੂਮਦਾਰ ਨੇ ਕਿਹਾ, ‘‘ਮਮਤਾ ਬੈਨਰਜੀ ਦੀ ਤਾਨਾਸ਼ਾਹ ਸਰਕਾਰ ਵਿਰੋਧੀ ਪਾਰਟੀਆਂ ਨੂੰ ਥਾਂ ਦੇਣ ਵਿੱਚ ਵਿਸ਼ਵਾਸ ਨਹੀਂ ਰੱਖਦੀ।’’ ਇਸੇ ਤਰ੍ਹਾਂ ਬਾਅਦ ਵਿੱਚ ਭਾਜਪਾ ਦੇ ਸੂਬਾ ਪ੍ਰਧਾਨ ਅਗਨੀਮਿੱਤਰਾ ਪਾਲ ਨੂੰ ਹਾਵੜਾ ਮੈਦਾਨ ’ਚ ਪ੍ਰਦਰਸ਼ਨ ਵਾਲੀ ਥਾਂ ਤੋਂ ਹਿਰਾਸਤ ਵਿੱਚ ਲਿਆ ਗਿਆ। -ਪੀਟੀਆਈ
ਭਾਜਪਾ ਵਰਕਰਾਂ ਨੇ ਪੂਰੇ ਦੇਸ਼ ਨੂੰ ਸ਼ਰਮਿੰਦਾ ਕੀਤਾ: ਟੀਐੱਮਸੀ
ਟੀਐੱਮਸੀ ਨੇ ਇੱਕ ਟਵੀਟ ਕਰਦਿਆਂ ਕਿਹਾ, ‘‘ਭਾਜਪਾ ਦੇ ਵਰਕਰ ਜਾਂ ਗੁੰਡੇ? ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ, ਪੁਲੀਸ ਮੁਲਾਜ਼ਮਾਂ ’ਤੇ ਹਮਲਾ ਕਰਨ, ਸੂਬੇ ਵਿੱਚ ਅਰਾਜਕਤਾ ਪੈਦਾ ਕਰਨ ਅਤੇ ਸ਼ਾਂਤੀ ਭੰਗ ਕਰਨ ਵਰਗੀਆਂ ਭਾਜਪਾ ਦੀਆਂ ਅੱਜ ਦੀਆਂ ਗਤੀਵਿਧੀਆਂ ਨੇ ਪੂਰੇ ਦੇਸ਼ ਨੂੰ ਸ਼ਰਮਸਾਰ ਕੀਤਾ ਹੈ। ਅਸੀਂ ਇਸ ਦੀ ਸਖ਼ਤ ਨਿਖੇਧੀ ਕਰਦੇ ਹਾਂ।’’