ਨਵੀਂ ਦਿੱਲੀ: ਕੇਂਦਰ ਸਰਕਾਰ ਨੇ ‘ਏਅਰ ਇੰਡੀਆ’ ਦੀ ਵਿਕਰੀ ਲਈ ਵਿੱਤੀ ਬੋਲੀਆਂ ਮੰਗਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਮੁਤਾਬਕ ਇਸ ਸੌਦੇ ਦੇ ਸਤੰਬਰ ਤੱਕ ਪੂਰਾ ਹੋਣ ਦੀ ਉਮੀਦ ਹੈ। ਪਿਛਲੇ ਸਾਲ ਦਸੰਬਰ ਵਿਚ ਘਾਟੇ ਵਿਚ ਚੱਲ ਰਹੀ ‘ਏਅਰ ਇੰਡੀਆ’ ਨੂੰ ਖ਼ਰੀਦਣ ਲਈ ਲਾਈਆਂ ਗਈਆਂ ਸ਼ੁਰੂਆਤੀ ਬੋਲੀਆਂ ਵਿਚ ਟਾਟਾ ਗਰੁੱਪ ਦੀ ਬੋਲੀ ਵੀ ਸ਼ਾਮਲ ਸੀ। ਸੂਤਰਾਂ ਨੇ ਦੱਸਿਆ ਕਿ ਸ਼ੁਰੂਆਤੀ ਬੋਲੀਆਂ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਯੋਗ ਬੋਲੀਦਾਤਾ ਨੂੰ ਏਅਰ ਇੰਡੀਆ ਦੇ ਵਰਚੁਅਲ ਡੇਟਾ ਰੂਮ ਤੱਕ ਪਹੁੰਚ ਦਿੱਤੀ ਗਈ, ਇਸ ਤੋਂ ਬਾਅਦ ਨਿਵੇਸ਼ਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਗਏ। ਇਹ ਸੌਦਾ ਹੁਣ ਵਿੱਤੀ ਬੋਲੀਆਂ ਦੇ ਗੇੜ ਵਿਚ ਚਲਾ ਗਿਆ ਹੈ ਤੇ ਇਸ ਦੇ ਸਤੰਬਰ ਤੱਕ ਪੂਰਾ ਹੋਣ ਦੀ ਉਮੀਦ ਹੈ। ਸਰਕਾਰ ‘ਏਅਰ ਇੰਡੀਆ’ ਵਿਚ ਆਪਣੀ 100 ਪ੍ਰਤੀਸ਼ਤ ਹਿੱਸੇਦਾਰੀ ਵੇਚ ਰਹੀ ਹੈ। ਇਹ ਸਰਕਾਰੀ ਕੰਪਨੀ 2007 ਤੋਂ ਇੰਡੀਅਨ ਏਅਰਲਾਈਨਜ਼ ਨਾਲ ਰਲੇਵੇਂ ਤੋਂ ਬਾਅਦ ਘਾਟੇ ਵਿਚ ਚੱਲ ਰਹੀ ਹੈ। -ਪੀਟੀਆਈ