ਨਵੀਂ ਦਿੱਲੀ, 19 ਮਈ ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ.) ਨੇ 29 ਮਈ ਨੂੰ ਇਕ ਵਿਸ਼ੇਸ਼ ਆਮ ਬੈਠਕ (ਐੱਸ.ਜੀ.ਐੱਮ.) ਬੁਲਾਈ ਹੈ, ਜਿਸ ਵਿਚ ਅਕਤੂਬਰ-ਨਵੰਬਰ ਮਹੀਨੇ ਹੋਣ ਵਾਲੇ ਟੀ-20 ਵਰਲਡ ਕੱਪ ਅਤੇ ਅਗਲੇ ਸੀਜ਼ਨ ’ਚ ਭਾਰਤ ਵਿੱਚ ਹੋਣ ਵਾਲੇ ਕ੍ਰਿਕਟ ਮੁਕਾਬਲਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਬੀਸੀਸੀਆਈ ਦੇ ਸਕੱਤਰ ਜੈ ਸ਼ਾਹ ਵੱਲੋਂ ਮੀਟਿੰਗ ਲਈ ਭੇਜੇ ਨੋਟਿਸ ਵਿਚ ਕਿਹਾ ਗਿਆ ਹੈ ਕਿ ਭਾਰਤ ਵਿਚ ਮਹਾਮਾਰੀ ਦੀ ਸਥਿਤੀ ਦੇ ਮੱਦੇਨਜ਼ਰ ਆਉਣ ਵਾਲੇ ਕ੍ਰਿਕਟ ਸੀਜ਼ਨ ’ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਕਾਰਨ ਭਾਰਤ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਬਾਰੇ ਅਟਕਲਾਂ ਲੱਗ ਰਹੀਆਂ ਹਨ। ਬੀਸੀਸੀਆਈ ਨੇ ਇਹ ਐਸਜੀਐਮ ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਦੀ ਪਹਿਲੀ ਜੂਨ ਨੂੰ ਹੋਣ ਵਾਲੀ ਬੈਠਕ ਤੋਂ ਪਹਿਲਾਂ ਬੁਲਾਈ ਹੈ। ਆਈਸੀਸੀ ਦੀ ਬੈਠਕ ਵਿਚ ਭਾਰਤ ਵਿੱਚ ਕੋਵਿਡ-19 ਦੇ ਸਥਿਤੀ ਨੂੰ ਦੇਖਦੇ ਹੋਏ ਟੀ-20 ਵਿਸ਼ਵ ਕੱਪ ਦੇ ਕਰਵਾਏ ਜਾਣ ਸਬੰਧੀ ਫ਼ੈਸਲਾ ਲਿਆ ਜਾ ਸਕਦਾ ਹੈ। -ਏਜੰਸੀ