ਨਵੀਂ ਦਿੱਲੀ, 9 ਮਾਰਚ
ਭਾਜਪਾ ਨੇ ਸਾਲ 2008 ਵਿੱਚ ਹੋਏ ਬਾਟਲਾ ਹਾਊਸ ਮੁਕਾਬਲੇ ਉਪਰ ਸ਼ੱਕ ਕਰਨ ’ਤੇ ਕਾਂਗਰਸ ਅਤੇ ਤ੍ਰਿਣਮੂਲ ਕਾਂਗਰਸ ਸਣੇ ਵਿਰੋਧੀ ਧਿਰਾਂ ’ਤੇ ਅੱਜ ਨਿਸ਼ਾਨਾ ਸੇਧਿਆ ਅਤੇ ਉਨ੍ਹਾਂ ਨੂੰ ਮੁਆਫ਼ੀ ਮੰਗਣ ਲਈ ਕਿਹਾ। ਦੱਖਣੀ ਦਿੱਲੀ ਦੇ ਬਾਟਲਾ ਹਾਊਸ ਵਿੱਚ ਸਤੰਬਰ 2008 ਇਹ ਮੁਕਾਬਲਾ ਹੋਇਆ ਸੀ, ਜਿਸ ਵਿੱਚ ਇੰਸਪੈਕਟਰ ਮਹੇਸ਼ ਚੰਦ ਸ਼ਰਮਾ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿੱਚ ਇੰਡੀਅਨ ਮੁਜਾਹਿਦੀਨ ਦੇ ਇੱਕ ਅਤਿਵਾਦੀ ਅਰੀਜ਼ ਖ਼ਾਨ ਨੂੰ ਸੋਮਵਾਰ ਨੂੰ ਦੋਸ਼ੀ ਠਹਿਰਾਏ ਜਾਣ ਤੋਂ ਇੱਕ ਦਿਨ ਬਾਅਦ ਭਾਜਪਾ ਦਾ ਇਹ ਬਿਆਨ ਆਇਆ ਹੈ। ਭਾਜਪਾ ਦੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਾਂਗਰਸ ਦੇ ਸਲਮਾਨ ਖ਼ੁਰਸ਼ੀਦ ਤੇ ਦਿਗਵਿਜੈ ਸਿੰਘ ਅਤੇ ਟੀਐੱਮਸੀ ਸੁਪਰੀਮੋ ਮਮਤਾ ਬੈਨਰਜੀ ਸਣੇ ਵਿਰੋਧੀ ਧਿਰਾਂ ਵੱਲੋਂ ਕੀਤੀਆਂ ਟਿੱਪਣੀਆਂ ਦਾ ਹਵਾਲਾ ਦਿੰਦਿਆਂ ਉਨ੍ਹਾਂ ’ਤੇ ਹਮਲੇ ਕੀਤੇ। ਉਨ੍ਹਾਂ ਮਨੋਬਲ ਕਮਜ਼ੋਰ ਕਰਨ ਦੇ ਇਰਾਦੇ ਨਾਲ ਦਿੱਲੀ ਪੁਲੀਸ ਖ਼ਿਲਾਫ਼ ਚਲਾਈ ਮੁਹਿੰਮ ਦੀ ਜਾਂਚ ਦੀ ਵੀ ਮੰਗ ਕੀਤੀ। ਪ੍ਰਸਾਦ ਨੇ ਕਿਹਾ, ‘‘ਬਾਟਲਾ ਹਾਊਸ ਮੁਕਾਬਲੇ ਦੀ ਪ੍ਰਮਾਣਿਕਤਾ ’ਤੇ ਸ਼ੰਕੇ ਖੜ੍ਹੇ ਕਰਕੇ ਦਿੱਲੀ ਪੁਲੀਸ ਦੇ ਮਨੋਬਲ ਨੂੰ ਕਮਜ਼ੋਰ ਕਰਨ ਦੀ ਜਾਣ-ਬੁੱਝ ਕੇ ਅਤੇ ਇਕਸੁਰ ਹੋ ਕੇ ਕੋਸ਼ਿਸ਼ ਕੀਤੀ ਗਈ।’’ -ਪੀਟੀਆਈ