ਨਵੀਂ ਦਿੱਲੀ, 24 ਜੁਲਾਈ
ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਆਪਣੇ ਤੇ ਆਪਣੀ ਬੇਟੀ ਉਤੇ ਲੱਗੇ ਦੋਸ਼ਾਂ ਦੇ ਮਾਮਲੇ ਵਿਚ ਕਾਂਗਰਸ ਆਗੂ ਜੈਰਾਮ ਰਮੇਸ਼ ਤੇ ਪਵਨ ਖੇੜਾ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਇਰਾਨੀ ਨੇ ਦੋਸ਼ਾਂ ਨੂੰ ‘ਬੇਬੁਨਿਆਦ ਤੇ ਝੂਠੇ’ ਕਰਾਰ ਦਿੰਦਿਆਂ ਕਾਂਗਰਸ ਆਗੂਆਂ ਨੂੰ ਮੁਆਫ਼ੀ ਮੰਗਣ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਕਾਂਗਰਸ ਆਗੂਆਂ ਨੇ ਦੋਸ਼ ਲਾਇਆ ਸੀ ਕਿ ਸਮ੍ਰਿਤੀ ਇਰਾਨੀ ਦੀ ਧੀ ਜ਼ੋਇਸ਼ (18) ਗੋਆ ਵਿਚ ਇਕ ਗੈਰਕਾਨੂੰਨੀ ਬਾਰ ਚਲਾ ਰਹੀ ਹੈ। ਉਨ੍ਹਾਂ ਇਸ ਮਾਮਲੇ ਉਤੇ ਸਮ੍ਰਿਤੀ ਨੂੰ ਵੀ ਘੇਰਿਆ ਸੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਸੀ ਕਿ ਉਨ੍ਹਾਂ ਨੂੰ ਕੈਬਨਿਟ ਵਿਚੋਂ ਬਰਖਾਸਤ ਕੀਤਾ ਜਾਵੇ। ਨੋਟਿਸ ਵਿਚ ਕਿਹਾ ਗਿਆ ਹੈ ਕਿ ਜੇਕਰ ਦੋਵਾਂ ਆਗੂਆਂ ਨੇ ਦੋਸ਼ ਵਾਪਸ ਲੈਂਦਿਆਂ ਬਿਨਾਂ ਸ਼ਰਤ ਸਪੱਸ਼ਟ ਤੌਰ ’ਤੇ ਮੁਆਫ਼ੀ ਨਹੀਂ ਮੰਗੀ ਤਾਂ ਇਨ੍ਹਾਂ ਖ਼ਿਲਾਫ਼ ਦੀਵਾਨੀ ਤੇ ਅਪਰਾਧਕ ਮੁਕੱਦਮਾ ਕੀਤਾ ਜਾਵੇਗਾ। ਇਹ ਨੋਟਿਸ ਮਹਿਲਾ ਕਾਂਗਰਸ ਆਗੂ ਨੇਟਾ ਡਿਸੂਜ਼ਾ ਤੇ ਕਾਂਗਰਸ ਪਾਰਟੀ ਨੂੰ ਵੀ ਭੇਜਿਆ ਗਿਆ ਹੈ। ਨੋਟਿਸ ਵਿਚ ਵਕੀਲ ਨੇ ਕਿਹਾ ਹੈ ਕਿ, ‘ਮੰਤਰੀ ਤੇ ਵਿਅਕਤੀ ਵਜੋਂ ਸਮ੍ਰਿਤੀ ਦੀ ਸਾਖ਼ ਨੂੰ ਸੱਟ ਮਾਰਨ ਲਈ ਝੂਠੇ ਦੋਸ਼ ਲਾਏ ਗਏ ਹਨ, ਇਸ ਤੋਂ ਇਲਾਵਾ ਇਹ ਦੋਸ਼ ਕੇਂਦਰੀ ਮੰਤਰੀ ਤੇ ਉਨ੍ਹਾਂ ਦੀ ਬੇਟੀ ਦੀ ਕਿਰਦਾਰਕੁਸ਼ੀ ਵੱਲ ਸੇਧਿਤ ਹਨ।’ ਇਰਾਨੀ ਵੱਲੋਂ ਭੇਜੇ ਗਏ ਨੋਟਿਸ ਵਿਚ ਕਿਹਾ ਗਿਆ ਹੈ ਕਿ ਕਾਂਗਰਸ ਆਗੂ ਨੈਤਿਕ ਤੌਰ ’ਤੇ ਬਹੁਤ ਡਿੱਗ ਗਏ ਹਨ ਜੋ ਯੂਨੀਵਰਸਿਟੀ ਵਿਚ ਪੜ੍ਹ ਰਹੀ ਵਿਦਿਆਰਥਣ ’ਤੇ ਅਜਿਹੇ ਦੋਸ਼ ਲਾ ਰਹੇ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥਣ ਹਾਲੇ ਪੇਸ਼ੇਵਰ ਤੌਰ ’ਤੇ ਆਪਣੇ ਸੁਫ਼ਨਿਆਂ ਨੂੰ ਬੁਣ ਰਹੀ ਹੈ ਤੇ ਕਾਂਗਰਸ ਆਗੂਆਂ ਵੱਲੋਂ ਲਾਏ ਦੋਸ਼ਾਂ ਨਾਲ ਇਰਾਨੀ ਦੀ ਬੇਟੀ ਦੀਆਂ ਖਾਹਿਸ਼ਾਂ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਇਸ ਨੂੰ ਗੈਰ-ਸੰਵੇਦਨਸ਼ੀਲ ਤੇ ਅਣਮਨੁੱਖੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਦੋਸ਼ ਲਾਉਣ ਵਾਲਿਆਂ ਨੇ ਇਲਜ਼ਾਮਾਂ ਨਾਲ ‘ਸੰਸਕਾਰ’ ਸ਼ਬਦ ਜੋੜ ਕੇ ਮੰਤਰੀ ਤੇ ਉਸ ਦੀ ਬੇਟੀ ਦੀਆਂ ਸਮਾਜਿਕ ਕਦਰਾਂ-ਕੀਮਤਾਂ ਉਤੇ ਸਵਾਲ ਖੜ੍ਹੇ ਕੀਤੇ ਹਨ। ਅਜਿਹਾ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਬਾਰ ਚਲਾਉਣਾ ਉਨ੍ਹਾਂ ਲਈ ਬਦਨਾਮੀ ਖੱਟਣ ਵਾਂਗ ਹੈ। ਉਨ੍ਹਾਂ ਕਿਹਾ ਹੈ ਕਿ ਜ਼ੋਇਸ਼ ਇਰਾਨੀ ਨੇ ਕਦੇ ਵੀ ਕਿਸੇ ਬਾਰ ਨੂੰ ਚਲਾਉਣ ਖਾਤਰ ਲਾਇਸੈਂਸ ਲਈ ਅਰਜ਼ੀ ਨਹੀਂ ਦਿੱਤੀ। ਇਸ ਤੋਂ ਇਲਾਵਾ ਉਸ ਨੂੰ ਐਕਸਾਈਜ਼ ਵਿਭਾਗ ਤੋਂ ਕੋਈ ਕਾਰਨ ਦੱਸੋ ਨੋਟਿਸ ਵੀ ਜਾਰੀ ਨਹੀਂ ਹੋਇਆ। ਇਸੇ ਦੌਰਾਨ ਅੱਜ ਯੂਥ ਕਾਂਗਰਸ ਦੇ ਵਰਕਰਾਂ ਨੇ ਗੋਆ ਦੇ ਉਸ ਰੈਸਤਰਾਂ ਅੱਗੇ ਰੋਸ ਪ੍ਰਦਰਸ਼ਨ ਕੀਤਾ ਜਿਸ ਬਾਰੇ ਕਾਂਗਰਸ ਨੇ ਦਾਅਵਾ ਕੀਤਾ ਹੈ ਕਿ ਉਹ ਇਰਾਨੀ ਦੀ ਬੇਟੀ ਦਾ ਹੈ। -ਪੀਟੀਆਈ