ਨਵੀਂ ਦਿੱਲੀ, 21 ਅਗਸਤ
ਸਰਕਾਰ ਵੱਲੋਂ ਬੰਦ ਕੀਤੇ ਗਏ 102 ਯੂਟਿਊਬ ਚੈਨਲ ਭਾਰਤ ਬਾਰੇ ਕਈ ਤਰ੍ਹਾਂ ਦੀ ਝੂਠੀ ਜਾਣਕਾਰੀ ਫੈਲਾਅ ਰਹੇ ਸਨ ਤੇ ਇਨ੍ਹਾਂ ਨੂੰ ਦੇਖਣ ਵਾਲਿਆਂ ਦੀ ਗਿਣਤੀ (ਸਬਸਕ੍ਰਾਈਬਰ) ਲੱਖਾਂ ਵਿਚ ਸੀ। ਅਧਿਕਾਰੀਆਂ ਨੇ ਕਿਹਾ ਕਿ ਇਹ ‘ਝੂਠੀਆਂ ਖ਼ਬਰਾਂ’ ਤੋਂ ਪੈਸੇ ਕਮਾ ਰਹੇ ਸਨ। ਇਨ੍ਹਾਂ ਵਿਚੋਂ ਕਈਆਂ ਉਤੇ ਦੇਸ਼ ਵਿਚ ‘ਪਰਮਾਣੂ ਧਮਾਕਾ’ ਹੋਣ ਤੇ ਉੱਤਰੀ ਕੋਰੀਆ ਦੇ ਆਗੂ ਕਿਮ ਜੌਂਗ ਉਨ ਵੱਲੋਂ ਅਯੁੱਧਿਆ ਵਿਚ ਸੈਨਾ ਭੇਜਣ ਜਿਹੀਆਂ ਝੂਠੀਆਂ ਜਾਣਕਾਰੀਆਂ ਸਨ। ਦੱਸਣਯੋਗ ਹੈ ਕਿ ਸਰਕਾਰ ਨੇ ਪਿਛਲੇ ਸਾਲ ਦਸੰਬਰ ਤੋਂ ਅਜਿਹੇ ਚੈਨਲਾਂ ਖ਼ਿਲਾਫ਼ ਕਾਰਵਾਈ ਵਿੱਢੀ ਸੀ। ਇਸ ਲਈ ਸੂਚਨਾ ਤਕਨੀਕ ਨਿਯਮਾਂ, 2021 ਤਹਿਤ ਮਿਲੀਆਂ ਐਮਰਜੈਂਸੀ ਤਾਕਤਾਂ ਦੀ ਵਰਤੋਂ ਕੀਤੀ ਗਈ ਹੈ। ਇਹ ਨੇਮ ਸਰਕਾਰ ਨੇ ਪਿਛਲੇ ਸਾਲ ਫਰਵਰੀ ਵਿਚ ਲਾਗੂ ਕੀਤੇ ਸਨ। ਯੂਟਿਊਬ ਚੈਨਲਾਂ ਤੋਂ ਇਲਾਵਾ ਕਈ ਵੈੱਬਸਾਈਟਾਂ ਤੇ ਸੋਸ਼ਲ ਮੀਡੀਆ ਅਕਾਊਂਟਾਂ ਵਿਰੁੱਧ ਵੀ ਕਾਰਵਾਈ ਕੀਤੀ ਗਈ ਹੈ। ਇਨ੍ਹਾਂ ਵੱਲੋਂ ਕਈ ਮਸ਼ਹੂਰ ਟੀਵੀ ਚੈਨਲਾਂ ਦੇ ਲੋਗੋ ਤੇ ਹੋਰ ਰਲਦੀ-ਮਿਲਦੀ ਸਮੱਗਰੀ ਵਰਤੀ ਜਾ ਰਹੀ ਹੈ ਤਾਂ ਕਿ ਦੇਖਣ ਵਾਲਿਆਂ ਨੂੰ ਇਹ ਅਸਲੀ ਲੱਗਣ। ਖ਼ੁਫੀਆ ਏਜੰਸੀਆਂ ਇਨ੍ਹਾਂ ਵੈੱਬਸਾਈਟਾਂ ਤੇ ਚੈਨਲਾਂ ਉਤੇ ਨਿਗਰਾਨੀ ਰੱਖ ਰਹੀਆਂ ਸਨ। ਇਹ ਚੈਨਲ ਜਾਅਲੀ ਖ਼ਬਰਾਂ ਤੇ ਇਸ਼ਤਿਹਾਰਾਂ ਦੇ ਸਿਰ ਉਤੇ ਕਮਾਈ ਕਰ ਰਹੇ ਸਨ। ਜ਼ਿਕਰਯੋਗ ਹੈ ਕਿ ਪਿਛਲੇ ਵੀਰਵਾਰ 8 ਯੂਟਿਊਬ ਚੈਨਲਾਂ ਉਤੇ ਪਾਬੰਦੀ ਲਾਈ ਗਈ ਸੀ। ਇਨ੍ਹਾਂ ਵਿਚ ਇਕ ਪਾਕਿਸਤਾਨੀ ਚੈਨਲ ਵੀ ਸੀ। ਕਈ ਚੈਨਲਾਂ ਉਤੇ ‘ਭਾਰਤ ਵਿਚ ਬਕਰੀਦ ’ਤੇ ਪਾਬੰਦੀ ਲੱਗਣ’, ‘ਅਜਮੇਰ ਦਰਗਾਹ ਉਤੇ ਹਮਲੇ’, ‘ਮੰਦਰ ਉਤੇ ਇਸਲਾਮਿਕ ਝੰਡਾ ਚੜ੍ਹਾਉਣ’ ਜਿਹੀਆਂ ਝੂਠੀਆਂ ਖ਼ਬਰਾਂ ਮੌਜੂਦ ਸਨ। -ਪੀਟੀਆਈ