ਨਵੀਂ ਦਿੱਲੀ: ਭਗੌੜੇ ਕਾਰੋਬਾਰੀ ਵਿਜੈ ਮਾਲਿਆ ਨੂੰ ਕਰਜ਼ੇ ਦੇਣ ਵਾਲੇ ਬੈਂਕਾਂ ਨੂੰ 5,842.5 ਕਰੋੜ ਰੁਪਏ ਮਿਲ ਗਏ ਹਨ। ਐਨਫਰੋਸਮੈਂਟ ਡਾਇਰੈਕਟੋਰੇਟ ਨੇ ਕਿਹਾ ਕਿ ਇਹ ਰਕਮ ਯੂਨਾਈਟਿਡ ਬ੍ਰੇਵਰੀਜ਼ ਲਿਮਟਿਡ (ਯੂਬੀਐੱਲ) ਦੇ ਸ਼ੇਅਰ ਵੇਚਣ ਮਗਰੋਂ ਇਕੱਠੀ ਹੋਈ ਹੈ ਜੋ ਪਹਿਲਾਂ ਹੀ ਜ਼ਬਤ ਕਰ ਲਏ ਗਏ ਸਨ। ਮਾਲਿਆ ’ਤੇ ਵੱਖ ਵੱਖ ਬੈਂਕਾਂ ਨਾਲ ਕਰੀਬ 9 ਹਜ਼ਾਰ ਕਰੋੜ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਹੈ। ਸ਼ਿਕਾਇਤ ਨਿਵਾਰਣ ਟ੍ਰਿਬਿਊਨਲ (ਡੀਆਰਟੀ) ਨੇ 23 ਜੂਨ ਨੂੰ ਇਹ ਸ਼ੇਅਰ ਵੇਚੇ ਸਨ। ਇਹ ਸ਼ੇਅਰ ਮਨੀ ਲਾਂਡਰਿੰਗ ਰੋਕੂ ਐਕਟ ਤਹਿਤ ਈਡੀ ਵੱਲੋਂ ਪਹਿਲਾਂ ਹੀ ਜ਼ਬਤ ਕੀਤੇ ਜਾ ਚੁੱਕੇ ਹਨ। ਈਡੀ ਨੇ ਬੁੱਧਵਾਰ ਨੂੰ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਬੈਂਕਾਂ ਦੀ ਡੁੱਬੀ ਰਕਮ ’ਚੋਂ ਕਰੀਬ 40 ਫ਼ੀਸਦ ਰਕਮ ਨੀਰਵ ਮੋਦੀ, ਮੇਹੁਲ ਚੋਕਸੀ ਅਤੇ ਮਾਲਿਆ ਦੀਆਂ ਸੰਪਤੀਆਂ ਜ਼ਬਤ ਕਰਕੇ ਹਾਸਲ ਕੀਤੀ ਜਾ ਚੁੱਕੀ ਹੈ। ਇਸ ’ਤੇ ਟਿੱਪਣੀ ਕਰਦਿਆਂ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਟਵੀਟ ਕੀਤਾ ਸੀ ਕਿ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ ਤੇ ਭਗੌੜੇ ਅਤੇ ਆਰਥਿਕ ਅਪਰਾਧ ਕਰਨ ਵਾਲਿਆਂ ਦੀਆਂ ਸੰਪਤੀਆਂ ਜ਼ਬਤ ਕਰਕੇ ਉਨ੍ਹਾਂ ਤੋਂ ਰਕਮਾਂ ਵਸੂਲੀਆਂ ਜਾਣਗੀਆਂ। -ਪੀਟੀਆਈ